JK Encounter : ਜੰਮੂ-ਕਸ਼ਮੀਰ ਦੇ ਕਠੂਆ 'ਚ ਐਨਕਾਊਂਟਰ, 3 ਪੁਲਿਸ ਮੁਲਾਜ਼ਮ ਸ਼ਹੀਦ, 3 ਅੱਤਵਾਦੀ ਢੇਰ, ਅਪ੍ਰੇਸ਼ਨ ਜਾਰੀ
Kathua Encounter : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਸੰਘਣੇ ਜੰਗਲਾਂ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ, ਜੰਮੂ-ਕਸ਼ਮੀਰ ਪੁਲਿਸ ਦੇ 3 ਜਵਾਨ ਸ਼ਹੀਦ ਹੋ ਗਏ, ਜਦਕਿ 2 ਹੋਰ ਜ਼ਖਮੀ ਹੋ ਗਏ। ਇਹ ਮੁਕਾਬਲਾ ਪਿਛਲੇ 4 ਦਿਨਾਂ ਤੋਂ ਕਠੂਆ ਦੇ ਜੰਗਲਾਂ 'ਚ ਚੱਲ ਰਹੇ ਅੱਤਵਾਦ ਵਿਰੋਧੀ ਆਪ੍ਰੇਸ਼ਨ ਦਾ ਹਿੱਸਾ ਹੈ।
5 ਅੱਤਵਾਦੀਆਂ ਦੇ ਜੰਗਲਾਂ 'ਚ ਲੁਕੇ ਹੋਣ ਦੀ ਸੀ ਜਾਣਕਾਰੀ
ਸੂਤਰਾਂ ਮੁਤਾਬਕ ਚਾਰ ਤੋਂ ਪੰਜ ਅੱਤਵਾਦੀ ਸੰਘਣੇ ਜੰਗਲਾਂ 'ਚ ਲੁਕੇ ਹੋਏ ਸਨ। ਸੁਰੱਖਿਆ ਬਲਾਂ ਨੇ ਜੁਥਾਨਾ ਇਲਾਕੇ 'ਚ ਉਨ੍ਹਾਂ ਦੇ ਸਹੀ ਟਿਕਾਣੇ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ। ਇਹ ਮੁਕਾਬਲਾ ਹੀਰਾਨਗਰ ਸੈਕਟਰ ਤੋਂ ਕਰੀਬ 30 ਕਿਲੋਮੀਟਰ ਦੂਰ ਜਾਖੋਲੇ ਪਿੰਡ ਨੇੜੇ ਹੋਇਆ। ਇਸੇ ਇਲਾਕੇ 'ਚ ਐਤਵਾਰ (23 ਮਾਰਚ) ਨੂੰ ਪਹਿਲਾ ਮੁਕਾਬਲਾ ਹੋਇਆ, ਜਿਸ 'ਚ ਅੱਤਵਾਦੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਭੱਜਣ 'ਚ ਕਾਮਯਾਬ ਰਹੇ।
ਅੱਤਵਾਦੀਆਂ ਦਾ ਖਾਤਮਾ ਕਰਨ ਲਈ ਭਾਰਤੀ ਫੌਜ ਦੇ ਵਿਸ਼ੇਸ਼ ਬਲ ਮੈਦਾਨ 'ਚ ਦਾਖਲ ਹੋਏ। ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨਲਿਨ ਪ੍ਰਭਾਤ ਨੇ ਵੀ ਮੌਕੇ 'ਤੇ ਪਹੁੰਚ ਕੇ ਕਾਰਵਾਈ ਦੀ ਨਿਗਰਾਨੀ ਕੀਤੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਵੀਰਵਾਰ ਨੂੰ ਹੋਏ ਮੁਕਾਬਲੇ 'ਚ ਮਾਰੇ ਗਏ ਅੱਤਵਾਦੀ ਉਹੀ ਹਨ ਜੋ ਐਤਵਾਰ ਨੂੰ ਹੀਰਾਨਗਰ ਮੁਕਾਬਲੇ ਦੌਰਾਨ ਭੱਜਣ 'ਚ ਕਾਮਯਾਬ ਹੋ ਗਏ ਸਨ।
ਫੌਜ ਵੱਲੋਂ ਚਲਾਇਆ ਜਾ ਰਿਹਾ ਅਪ੍ਰੇਸ਼ਨ
22 ਮਾਰਚ ਤੋਂ ਸੁਰੱਖਿਆ ਬਲਾਂ ਵੱਲੋਂ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ, ਆਰਮੀ, ਐਨਐਸਜੀ, ਬੀਐਸਐਫ ਅਤੇ ਸੀਆਰਪੀਐਫ ਮਿਲ ਕੇ ਆਪਰੇਸ਼ਨ ਚਲਾ ਰਹੇ ਹਨ। ਯੂਏਵੀ, ਡਰੋਨ, ਬੁਲੇਟਪਰੂਫ ਵਾਹਨ ਅਤੇ ਹੋਰ ਆਧੁਨਿਕ ਨਿਗਰਾਨੀ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਐਤਵਾਰ (23 ਮਾਰਚ) ਨੂੰ ਹੋਏ ਮੁਕਾਬਲੇ ਦੌਰਾਨ ਹੀਰਾਨਗਰ ਦੇ ਸਾਨਿਆਲ ਪਿੰਡ 'ਚ ਅੱਤਵਾਦੀ ਲੁਕੇ ਹੋਏ ਸਨ, ਐਸਓਜੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕੀਤੀ ਸੀ। ਇਹ ਮੁਕਾਬਲਾ ਕਰੀਬ 30 ਮਿੰਟ ਤੱਕ ਚੱਲਿਆ ਪਰ ਅੱਤਵਾਦੀ ਜੰਗਲਾਂ ਵੱਲ ਭੱਜਣ ਵਿੱਚ ਕਾਮਯਾਬ ਹੋ ਗਏ।
- PTC NEWS