ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਗੋਲ਼ੀ ਲੱਗਣ ਨਾਲ ਮੁਲਜ਼ਮ ਜ਼ਖਮੀ
ਲੁਧਿਆਣਾ : ਪੰਜਾਬ ਵਿਚ ਗੋਲੀਬਾਰੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਗਰਾਓਂ 'ਚ ਰੰਗਦਾਰੀ ਲੈਣ ਗਏ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਟਰੈਪ ਲਾ ਕੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਅਰਸ਼ ਤੇ ਮਨਪ੍ਰੀਤ ਮਨੀਲਾ ਵੱਲੋਂ ਇਕ ਕਾਰੋਬਾਰੀ ਤੋਂ 30 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ।
ਪੁਲਿਸ ਵੱਲੋਂ ਕੀਤੀ ਗੋਲੀਬਾਰੀ 'ਚ ਮੋਟਰਸਾਈਕਲ 'ਤੇ ਸਵਾਰ ਇਕ ਮੁਲਜ਼ਮ ਦੀ ਲੱਤ 'ਚ ਗੋਲੀ ਵੱਜੀ ਹੈ, ਜਦਕਿ ਦੂਜਾ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਥੋਂ ਦੀ ਨਹਿਰੂ ਮਾਰਕੀਟ 'ਚ ਥੋਕ ਦੇ ਕਰਿਆਨਾ ਵਪਾਰੀ ਭਰਾਵਾਂ ਤੋਂ ਫੋਨ 'ਤੇ ਅਰਸ਼ ਡੱਲਾ ਦੇ ਨਾਂ 'ਤੇ 30 ਲੱਖ ਦੀ ਫਿਰੌਤੀ ਮੰਗੀ ਗਈ ਸੀ। ਕਈ ਵਾਰ ਫੋਨ ਆਉਣ 'ਤੇ ਅਖੀਰ ਡੇਢ ਲੱਖ ਰੁਪਏ ਦੇਣ ਦੀ ਗੱਲ ਤੈਅ ਹੋਈ। ਦੋਵੇਂ ਕਾਰੋਬਾਰੀ ਭਰਾਵਾਂ ਨੇ ਇਸ ਦੀ ਸੂਚਨਾ ਪੁਲਿਸ ਦਿੱਤੀ।
ਫਿਰੌਤੀ ਦੀ ਰਕਮ ਦੇਣ ਲਈ ਮਿਥੀ ਥਾਂ ਪਿੰਡ ਕੋਠੇ ਖੰਜੂਰਾਂ ਬਾਈਪਾਸ ਤੋਂ ਹਾਈਵੇਅ ਨੂੰ ਜਾਂਦੀ ਸੜਕ 'ਤੇ ਜਦੋਂ ਮੋਟਰਸਾਈਕਲ ਸਵਾਰ ਦੋਵੇਂ ਮੁਲਜ਼ਮ ਆਏ ਤਾਂ ਪੁਲਿਸ ਨੇ ਉਥੇ ਪਹਿਲਾਂ ਹੀ ਜਾਲ ਵਿਛਾ ਲਿਆ ਸੀ। ਜਿਵੇਂ ਹੀ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਫਿਰੌਤੀ ਦੀ ਰਕਮ ਲੈਣ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਪੁਲਿਸ ਉਪਰ ਗੋਲੀ ਚਲਾਈ ਅਤੇ ਜਵਾਬ 'ਚ ਪੁਲਿਸ ਵੱਲੋਂ ਚਲਾਈ ਗੋਲੀ ਮੋਟਰਸਾਈਕਲ ਦੇ ਪਿੱਛੇ ਬੈਠੇ ਮੁਲਜ਼ਮ ਦੀ ਲੱਤ 'ਚ ਲੱਗੀ ਅਤੇ ਉਹ ਮੋਟਰਸਾਈਕਲ ਤੋਂ ਥੱਲੇ ਡਿੱਗ ਪਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਗੁਰੂ ਨਗਰੀ ਅੰਮ੍ਰਿਤਸਰ 'ਚ ਕੱਲ੍ਹ ਸ਼ੁਰੂ ਹੋਣ ਜਾ ਰਹੇ 422 ਮੁਹੱਲਾ ਕਲੀਨਿਕ
ਮੋਟਰਸਾਈਕਲ ਚਲਾ ਰਿਹਾ ਦੂਜਾ ਮੁਲਜ਼ਮ ਭੱਜਣ 'ਚ ਕਾਮਯਾਬ ਰਿਹਾ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਮੁਲਜ਼ਮ ਨੂੰ ਜਗਰਾਉਂ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ ਹੈ। ਪੁਲੀਸ ਅਧਿਕਾਰੀ ਹਾਲੇ ਇਸ ਮਾਮਲੇ 'ਚ ਹੋਰ ਜਾਣਕਾਰੀ ਦੇਣ ਲਈ ਤਿਆਰ ਨਹੀਂ ਪਰ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ,ਜਿਸ ਮੁਲਜ਼ਮ ਦੀ ਲੱਤ 'ਚ ਗੋਲੀ ਲੱਗੀ ਹੈ ਉਹ ਤਲਵੰਡੀ ਭਾਈ ਨੇੜਲੇ ਪਿੰਡ ਨਾਲ ਸਬੰਧਤ ਜਗਤਾਰ ਸਿੰਘ ਹੈ। ਉਸ ਤੋਂ ਪੁੱਛ ਪੜਤਾਲ 'ਚ ਅਹਿਮ ਖੁਲਾਸੇ ਹੋਣਗੇ।
- PTC NEWS