ਪੰਜਾਬ 'ਚ ਵਧੇ ਬਿਜਲੀ ਦੇ ਰੇਟ, 16 ਜੂਨ ਤੋਂ ਲਾਗੂ ਹੋਣਗੇ ਨਵੇਂ ਰੇਟ
Electricity rates hikes : ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬੀਆਂ ਨੂੰ ਵੱਡਾ ਝਟਕਾ ਦਿੰਦਿਆਂ ਸੂਬੇ ਵਿੱਚ ਬਿਜਲੀ ਮਹਿੰਗੀ ਕਰ ਕਰ ਦਿੱਤੀ ਗਈ ਹੈ। ਬਿਜਲੀ ਦੇ ਰੇਟਾਂ ਵਿੱਚ 10 ਪੈਸੇ ਤੋਂ ਲੈ ਕੇ 15 ਪੈਸੇ ਤੱਕ ਰੇਟ ਵਧਾਏ ਗਏ ਹਨ। ਸਰਕਾਰ ਵੱਲੋਂ ਰਾਤ ਨੂੰ ਸਪਲਾਈ ਹੋਣ ਵਾਲੀ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਪਲਾਈ ਹੋਣ ਵਾਲੀ ਬਿਜਲੀ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਘਰੇਲੂ ਬਿਜਲੀ ਦੇ ਨਾਲ-ਨਾਲ ਇੰਡਸਟਰੀਅਲ ਬਿਜਲੀ ਵੀ ਮਹਿੰਗੀ ਹੋਈ ਹੈ।
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਮਿਤੀ 14.06.2024 ਦੇ ਹੁਕਮਾਂ ਤਹਿਤ ਵਿੱਤੀ ਸਾਲ 2024-25 ਲਈ ਟੈਰਿਫ/ਚਾਰਜਾਂ ਵਾਲੇ ਟੈਰਿਫ ਆਰਡਰ ਜਾਰੀ ਕੀਤੇ ਹਨ। ਸੂਬੇ ਵਿੱਚ ਬਿਜਲੀ ਦੇ ਨਵੇਂ ਰੇਟ 16 ਜੂਨ ਤੋਂ ਲਾਗੂ ਹੋਣਗੇ ਅਤੇ 31 ਮਾਰਚ 2025 ਤੱਕ ਲਾਗੂ ਰਹਿਣਗੇ।
ਨਵੀਆਂ ਦਰਾਂ ਅਨੁਸਾਰ 7 ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਤੋਂ ਉੱਪਰ ਮਿਲਣ ਵਾਲੀ ਬਿਜਲੀ ਖਪਤ ਕਰਨ 'ਤੇ ਪ੍ਰਤੀ ਯੂਨਿਟ 10 ਤੋਂ 12 ਪੈਸੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਨਵੇਂ ਟੈਰਿਫ ਹੁਕਮਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿੱਲੋ ਲੋਡ ਵਾਲੇ ਖਪਤਕਾਰਾਂ ਵਾਸਤੇ ਪਹਿਲੇ 100 ਯੂਨਿਟ ਲਈ ਦਰ ਪਹਿਲਾਂ ਵਾਲੀ 4.19 ਰੁਪਏ ਪ੍ਰਤੀ ਯੂਨਿਟ ਦੀ ਥਾਂ 4.29 ਰੁਪਏ ਪ੍ਰਤੀ ਯੂਨਿਟ ਹੋਵੇਗੀ, ਜਦਕਿ 101 ਤੋਂ 300 ਯੂਨਿਟ ਤੱਕ ਦੀ ਦਰ ਪਹਿਲਾਂ 6.64 ਰੁਪਏ ਦੀ ਥਾਂ 'ਤੇ ਹੁਣ 6.76 ਰੁਪਏ ਪ੍ਰਤੀ ਯੂਨਿਟ ਹੋਵੇਗੀ। ਜਦਕਿ 7 ਕਿਲੋਵਾਟ ਤੋਂ 100 ਕਿਲੋਵਾਟ ਤੱਕ ਬਿਜਲੀ ਦਰਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਇਸਤੋਂ ਇਲਾਵਾ 16 ਜੂਨ ਤੋਂ ਕਿਸਾਨਾਂ ਨੂੰ ਵੀ ਹੁਣ ਮਹਿੰਗੀ ਬਿਜਲੀ ਮਿਲੇਗੀ। ਟਿਊਬਵੈੱਲ ਕੁਨੈਕਸ਼ਨਾਂ ਦੀਆਂ ਦਰਾਂ 'ਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੀ ਇੰਡਸਟਰੀ ਲਈ ਵੀ ਬਿਜਲੀ ਦਰਾਂ 'ਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੋਇਆ ਹੈ।
- PTC NEWS