AAP ਉਮੀਦਵਾਰ ਡਿੰਪੀ ਢਿੱਲੋਂ ਨੂੰ ਨੋਟਿਸ ਜਾਰੀ, ਮਨਪ੍ਰੀਤ ਤੇ ਰਾਜਾ ਵੜਿੰਗ ਨੇ ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸਾਂ ਦਾ ਜਵਾਬ
Dimpy Dhillon Notice : ਪੰਜਾਬ 'ਚ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਮੈਦਾਨ ਭਖਿਆ ਹੋਇਆ ਹੈ। ਬੀਤੇ ਦਿਨ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਹੋਇਆ ਸੀ, ਉਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ।
ਡਿੰਪੀ ਢਿੱਲੋਂ ਇਹ ਨੋਟਿਸ ਚੋਣ ਕਮਿਸ਼ਨ ਨੇ ਆਪਣੇ ਪੋਸਟਰਾਂ 'ਚ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਉਪਰ ਲਾਲ ਲਕੀਰ ਨਾਲ ਕਰਾਸ ਮਾਰਨ ਲਈ ਜਾਰੀ ਕੀਤਾ ਹੈ। ਰਿਟਰਨਿੰਗ ਅਫ਼ਸਰ ਕਮ ਚੋਣ ਅਧਿਕਾਰੀ ਨੇ ਨੋਟਿਸ ਜਾਰੀ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ।
ਜਾਣਕਾਰੀ ਅਨੁਸਾਰ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਏਜੰਟ ਵਿਪਨ ਕੁਮਾਰ ਨੇ ਚੋਣ ਕਮਿਸ਼ਨ ਨੂੰ ਇਸ ਸਬੰਧ 'ਚ ਸ਼ਿਕਾਇਤ ਭੇਜੀ ਸੀ।
ਮਨਪ੍ਰੀਤ ਤੇ ਰਾਜਾ ਵੜਿੰਗ ਨੇ ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸਾਂ ਦਾ ਜਵਾਬ
ਉਧਰ, ਮਨਪ੍ਰੀਤ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਕਮਿਸ਼ਨ ਵੱਲੋਂ ਭੇਜੇ ਨੋਟਿਸਾਂ ਦਾ ਅੱਜ ਜਵਾਬ ਦਾਖਲ ਕਰ ਦਿੱਤਾ ਹੈ।
ਰਾਜਾ ਵੜਿੰਗ 'ਤੇ ਮਸਜਿਦ 'ਚ ਪ੍ਰਚਾਰ ਦਾ ਇਲਜ਼ਾਮ ਸੀ। ਇਸ ਮਾਮਲੇ 'ਚ ਮਸਜਿਦ ਕਮੇਟੀ ਦੇ ਪ੍ਰਧਾਨ ਅਤੇ ਮੌਲਵੀ ਨੇ ਰਾਜਾ ਵੜਿੰਗ ਦੇ ਹੱਕ 'ਚ ਬਿਆਨ ਦਿੱਤਾ ਹੈ ਕਿ ਉਹ ਨਮਾਜ਼ ਅਦਾ ਕਰਨ ਆਏ ਸਨ।
ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ 'ਤੇ ਨੌਜਵਾਨਾਂ ਨੂੰ ਨੌਕਰੀਆਂ ਦਾ ਲਾਲਚ ਦੇਣ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਸਬੰਧ 'ਚ ਉਨ੍ਹਾਂ ਕਿਹਾ ਕਿ ਉਹ ਸਿਰਫ਼ ਨੌਕਰੀਆਂ ਬਾਰੇ ਸਲਾਹ ਦੇ ਰਹੇ ਸਨ ਅਤੇ ਜੋ ਵੀਡੀਓ ਵਾਇਰਲ ਹੋਈ ਹੈ, ਉਸ ਨੂੰ ਤਕਨੀਕੀ ਤੋੜ-ਮਰੋੜ ਕਰਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਬਿਆਨ ਵਿੱਚ ਦੋ ਗਵਾਹਾਂ ਨੇ ਵੀ ਹਾਮੀ ਭਰੀ ਹੈ।
ਇਸਤੋਂ ਇਲਾਵਾ ਅਮਰਿੰਦਰ ਸਿੰਘ ਵੜਿੰਗ ਨੂੰ ਦੂਸਰਾ ਨੋਟਿਸ ਵਿੱਤੀ ਲਾਲਚ ਦੇਣ ਦੇ ਦੋਸ਼ ਹੇਠ ਜਾਰੀ ਕੀਤਾ ਗਿਆ ਸੀ, ਜਿਸ ਬਾਰੇ ਰਿਟਰਨਿੰਗ ਅਫ਼ਸਰ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਤੋਂ ਰਿਪੋਰਟ ਮੰਗੀ ਹੋਈ ਹੈ।
- PTC NEWS