Education Minister orders : ਵਿਦਿਆਰਥੀਆਂ ਨੂੰ ਪ੍ਰੀਖਿਆਵਾਂ 'ਚ ਬੈਠਣ ਤੋਂ ਰੋਕਣ 'ਤੇ ਸਖ਼ਤ ਕਾਰਵਾਈ ਦੇ ਆਦੇਸ਼
ਚੰਡੀਗੜ੍ਹ : ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਤੋਂ ਰੋਕਣ ਉਤੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਸਿੱਖਿਆ ਮੰਤਰੀ ਨੇ ਸਬੰਧਤ ਅਧਿਆਪਕਾਂ ਜਾਂ ਸਕੂਲਾਂ ਉਤੇ ਕਾਰਵਾਈ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ, ਮਾਰਚ-2023 ਵਿਚ ਲਈ ਜਾਣ ਵਾਲੀ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਫੀਸ ਤਰੁੱਟੀਆਂ ਜਾਂ ਕਿਸੇ ਹੋਰ ਕਾਰਨ ਪ੍ਰੀਖਿਆ ਵਿਚ ਨਾ ਬਿਠਾਏ ਜਾਣ ਦਾ ਨੋਟਿਸ ਲਿਆ ਹੈ।
ਬੈਂਸ ਨੇ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਨੂੰ ਪੱਤਰ ਲਿਖ ਕੇ ਪੀੜਤ ਵਿਦਿਆਰਥੀਆਂ ਦਾ ਕੀਮਤੀ ਸਮਾਂ ਜ਼ਾਇਆ ਹੋਣ ਤੋਂ ਬਚਾਉਣ ਲਈ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਕੁਝ ਪ੍ਰੀਖਿਆਰਥੀਆਂ ਨੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਕਿ ਉਨ੍ਹਾਂ ਨੇ ਫੀਸ ਆਪਣੇ-ਆਪਣੇ ਸਕੂਲਾਂ 'ਚ ਜਮ੍ਹਾਂ ਕਰਵਾ ਦਿੱਤੀ ਸੀ ਪਰ ਸਕੂਲ ਪ੍ਰਬੰਧਕਾਂ ਨੇ ਉਹ ਫੀਸ ਅੱਗੇ ਬੋਰਡ ਦੇ ਖਾਤੇ ਜਮ੍ਹਾਂ ਨਹੀਂ ਕਰਵਾਈ ਜਾਂ ਘੱਟ ਜਮ੍ਹਾਂ ਕਰਵਾਈ ਹੈ। ਪਰ ਉਨ੍ਹਾਂ ਨੂੰ ਪ੍ਰੀਖਿਆਵਾਂ ਵਿਚ ਬੈਠਣ ਤੋਂ ਰੋਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : weather update : ਤਾਪਮਾਨ ਵਧਣ ਕਾਰਨ ਮਾਰਚ ਦੇ ਪਹਿਲੇ ਹਫ਼ਤੇ ਤੋਂ ਸਤਾਉਣ ਲੱਗੇਗੀ ਗਰਮੀ
ਬੈਂਸ ਨੇ ਕਿਹਾ ਕਿ ਇਹ ਵੱਡੀ ਕੁਤਾਹੀ ਹੈ ਜਿਸ ਦੀ ਸਜ਼ਾ ਵਿਦਿਆਰਥੀਆਂ ਨੂੰ ਦੇਣੀ ਠੀਕ ਨਹੀਂ ਹੈ। ਉਨ੍ਹਾਂ ਨੇ ਬੋਰਡ ਦੀ ਚੇਅਰਪਰਸਨ ਨੂੰ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਪੇਪਰ 'ਚ ਬੈਠਣ ਤੋਂ ਨਾ ਰੋਕਿਆ ਜਾਵੇ ਬਲਕਿ ਕੁਤਾਹੀ ਦੇ ਜ਼ਿੰਮੇਵਾਰ ਸਕੂਲ ਪ੍ਰਬੰਧਕਾਂ ਜਾਂ ਅਧਿਆਪਕਾਂ ਖ਼ਿਲਾਫ਼ ਤੁਰੰਤ ਵਿਭਾਗੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ।
- PTC NEWS