ਇਸ ਸਮੱਸਿਆ ਕਾਰਨ ਨਹੀਂ ਹੋ ਰਿਹਾ ਸੀ ਵਿਆਹ, ਬੈਂਕ ਮੁਲਾਜ਼ਮ ਨੇ ਦਿੱਤੀ ਜਾਨ
ਲੁਧਿਆਣਾ : ਸਨਅਤੀ ਜ਼ਿਲ੍ਹਾ ਲੁਧਿਆਣਾ ਵਿਚ ਇਕ 30 ਸਾਲਾ ਵਿਅਕਤੀ ਨੇ ਵਿਆਹ ਤੋਂ ਐਨ ਪਹਿਲਾਂ ਖੁਦਕੁਸ਼ੀ ਕਰ ਲਈ। ਜਿਸ ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉਥੇ ਮਿੰਟਾਂ ਵਿਚ ਹੀ ਮਾਤਮ ਛਾ ਗਿਆ। ਬੈਂਕ ਮੁਲਾਜ਼ਮ ਵਜੋਂ ਤਾਇਨਾਤ ਨੌਜਵਾਨ ਆਪਣੀ ਹਕਲਾਉਣ ਦੀ ਸਮੱਸਿਆ ਕਾਰਨ ਅਕਸਰ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ। ਕੁਝ ਮਹੀਨੇ ਪਹਿਲਾਂ ਵੀ ਇਸ ਬਿਮਾਰੀ ਕਾਰਨ 2-3 ਰਿਸ਼ਤੇ ਟੁੱਟ ਗਏ ਸਨ। ਮਰਨ ਵਾਲੇ ਵਿਅਕਤੀ ਦੀ ਪਛਾਣ ਅਵਿਨਾਸ਼ ਵਜੋਂ। ਅਵਿਨਾਸ਼ ਨੇ ਕਮਰੇ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਰਿਵਾਰਕ ਮੈਂਬਰਾਂ ਨੇ ਜਦੋਂ ਲਾਸ਼ ਨੂੰ ਪੱਖੇ ਨਾਲ ਲਟਕਦੀ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਵਾਲਿਆਂ ਨੇ ਰੌਲਾ ਪਾਇਆ ਤੇ ਗੁਆਂਢੀਆਂ ਨੂੰ ਬੁਲਾਇਆ। ਅਵਿਨਾਸ਼ ਨੂੰ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਕੰਟਰੋਲ ਨੂੰ ਫੋਨ ਕਰਕੇ ਸੂਚਨਾ ਦਿੱਤੀ। ਮੌਕੇ ਉੁਪਰ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ।
ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਤਫਤੀਸ਼ੀ ਅਫਸਰ ਰਾਧੇਸ਼ਿਆਮ ਨੇ ਦੱਸਿਆ ਕਿ ਮਰਨ ਵਾਲਾ ਅਵਿਨਾਸ਼ ਹਕਲਾਉਣ ਦੀ ਬਿਮਾਰੀ ਤੋਂ ਪੀੜਤ ਸੀ। ਇਸ ਕਾਰਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋ ਰਹੀ ਸੀ। ਪਰਿਵਾਰ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਕਰੀਬ 2 ਤੋਂ 3 ਥਾਵਾਂ 'ਤੇ ਰਿਸ਼ਤੇ ਟੁੱਟਣ ਦੀ ਗੱਲ ਚੱਲੀ ਸੀ। ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸੀ। ਅਵਿਨਾਸ਼ ਹੁਣ ਰਿਲੇਸ਼ਨਸ਼ਿਪ ਵਿੱਚ ਸੀ ਪਰ ਉਸ ਨੂੰ ਇਹੀ ਡਰ ਸੀ ਕਿ ਕਿਤੇ ਉਸ ਦਾ ਰਿਸ਼ਤਾ ਨਾ ਟੁੱਟ ਜਾਵੇ।
ਇਹ ਵੀ ਪੜ੍ਹੋ : ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਯੂਜੀਸੀ 7ਵਾਂ ਤਨਖ਼ਾਹ ਕਮਿਸ਼ਨ ਲਾਗੂ
ਅਵਿਨਾਸ਼ ਦੇ ਵਿਆਹ ਦੀ ਤਰੀਕ ਕੁਝ ਦਿਨਾਂ ਵਿੱਚ ਤੈਅ ਹੋਣੀ ਸੀ। ਘਰ 'ਚ ਪੇਂਟ ਦਾ ਕੰਮ ਚੱਲ ਰਿਹਾ ਸੀ ਪਰ ਇਸੇ ਦੌਰਾਨ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
- PTC NEWS