ਭੂਚਾਲ ਕਾਰਨ ਤੁਰਕੀ ਤੇ ਸੀਰੀਆ 'ਚ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਤੋਂ ਟੱਪੀ
ਅੰਕਾਰਾ : ਭੂਚਾਲ ਦੀ ਮਾਰ ਝੱਲ ਰਹੇ ਤੁਰਕੀ ਅਤੇ ਸੀਰੀਆ 'ਚ ਜ਼ਿੰਦਗੀ ਦਮ ਤੋੜ ਰਹੀ ਤੇ ਪਿੱਛੇ ਬਚੇ ਚਹੇਤਿਆਂ ਦੇ ਹੰਝੂ ਸੁੱਕ ਗਏ ਹਨ। ਸਮੇਂ-ਸਮੇਂ 'ਤੇ ਨਿਕਲਦੀਆਂ ਚੀਕਾਂ ਅਤੇ ਹਾਹਾਕਾਰ ਦੱਸਦੀਆਂ ਹਨ ਕਿ ਤਨ-ਮਨ 'ਤੇ ਡੂੰਘੇ ਜ਼ਖਮ ਦਾ ਦਰਦ ਬਰਕਰਾਰ ਹੈ। ਇਨ੍ਹਾਂ ਦੇਸ਼ਾਂ 'ਚ ਇਸ ਹਫਤੇ 7.8 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਦੇ 100 ਘੰਟੇ ਬਾਅਦ ਮਲਬੇ 'ਚੋਂ ਲੋਕਾਂ ਦੇ ਜ਼ਿੰਦਾ ਮਿਲਣ ਦੀ ਉਮੀਦ ਖਤਮ ਹੋ ਰਹੀ ਹੈ ਪਰ ਚਮਤਕਾਰ ਹੁੰਦੇ ਰਹਿੰਦੇ ਹਨ। ਠੰਢ ਤੇ ਬਰਫਬਾਰੀ ਕਾਰਨ ਬਚਾਅ ਕਾਰਜ ਵਿਚ ਕਾਫੀ ਦਿੱਕਤ ਆ ਰਹੀ ਹੈ।
ਕੁਦਰਤੀ ਆਫ਼ਤ ਵਿੱਚ ਮਰਨ ਵਾਲਿਆਂ ਦੀ ਗਿਣਤੀ 24,000 ਤੋਂ ਟੱਪ ਗਈ ਹੈ। ਤੁਰਕੀ ਵਿੱਚ 19,000 ਤੋਂ ਵੱਧ ਲੋਕ ਮਾਰੇ ਗਏ ਹਨ ਜਦੋਂ ਕਿ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 3,000 ਹੈ। ਵਿਸ਼ਵ ਬੈਂਕ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ 1.78 ਬਿਲੀਅਨ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਰਕਮ ਬਚਾਅ-ਰਾਹਤ ਕੰਮਾਂ ਤੇ ਪੁਨਰ ਉਸਾਰੀ 'ਤੇ ਖਰਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਦਾਲਤ ਦੇ ਬਾਹਰ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਹੰਗਾਮਾ ਮਗਰੋਂ ਪੁਲਿਸ ਨੇ ਕੀਤੀ ਦਖ਼ਲਅੰਦਾਜ਼ੀ
ਚਾਰੇ ਪਾਸੇ ਅਤੇ ਦੂਰ-ਦੂਰ ਤੱਕ ਮਲਬੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਲੋਕ ਵੀ ਇਨ੍ਹਾਂ ਦੇ ਹੇਠਾਂ ਦੱਬੇ ਹੋਏ ਹਨ। ਮਲਬਾ ਹਟਾ ਕੇ ਲੋਕਾਂ ਦੀ ਭਾਲ ਦਾ ਕੰਮ ਜਾਰੀ ਹੈ। ਪਰ ਸਮੇਂ ਦੇ ਬੀਤਣ ਦੇ ਨਾਲ ਲੋਕਾਂ ਦੇ ਜ਼ਿੰਦਾ ਲੱਭਣ ਦੀ ਸੰਭਾਵਨਾ ਘੱਟ ਹੁੰਦੀ ਜਾ ਰਹੀ ਹੈ। ਲੱਖਾਂ ਬੇਘਰੇ ਕੜਾਕੇ ਦੀ ਠੰਢ ਵਿੱਚ ਛਾਂ ਦੀ ਭਾਲ ਵਿੱਚ ਇਧਰ-ਉਧਰ ਭਟਕ ਰਹੇ ਹਨ। ਤੁਰਕੀ 'ਚ ਬਚਾਅ ਕਾਰਜ ਜ਼ੋਰਾਂ 'ਤੇ ਹਨ। ਉਸ ਨੂੰ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਤੋਂ ਵੀ ਕਾਫੀ ਮਦਦ ਮਿਲ ਰਹੀ ਹੈ। ਪਰ ਸੀਰੀਆ ਦੀ ਸਥਿਤੀ ਗੰਭੀਰ ਹੈ।
- PTC NEWS