ਕੈਨੇਡਾ 'ਚ ਓਵਰਡੋਜ਼ ਕਾਰਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ, RTI ਕਾਰਕੁੰਨ ਨੇ ਕੀਤੇ ਖ਼ੁਲਾਸੇ
ਬਠਿੰਡਾ : ਪੰਜਾਬ ਵਿਚ ਨਸ਼ੇ ਦੀ ਦਲਦਲ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੇ ਮੱਦੇਨਜ਼ਰ ਪੰਜਾਬ ਵਿਚ ਆਪਣੇ ਬੱਚਿਆਂ ਨੂੰ ਸੁਰੱਖਿਅਤ ਨਾ ਸਮਝ ਕਿ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ ਪਰ ਵਿਦੇਸ਼ਾਂ 'ਚ ਉਨ੍ਹਾਂ ਦੇ ਬੱਚੇ ਕਿੰਨੇ ਕੁ ਸੁਰੱਖਿਅਤ ਹਨ? ਇਸ ਸਬੰਧੀ ਸਨਸਨੀਖੇਜ ਖ਼ੁਲਾਸੇ ਬਠਿੰਡਾ ਵਿਚ ਹਰਮਿਲਾਪ ਗਰੇਵਾਲ ਸਮਾਜ ਸੇਵੀ ਤੇ ਆਰਟੀਆਈ ਕਾਰਕੁੰਨ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਕੀਤੇ ਹਨ।
ਹਰਮਿਲਾਪ ਗਰੇਵਾਲ ਨੇ ਦੱਸਿਆ ਕਿ ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਉਥੇ ਹਫ਼ਤੇ 'ਚ 2 ਭਾਰਤੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਜਦੋਂਕਿ ਓਟਾਵਾ ਦਾ ਭਾਰਤੀ ਸਫਾਰਤਖਾਨਾ ਨੌਜਵਾਨਾਂ ਦੀਆਂ ਮੌਤਾਂ ਦੀ ਪੂਰੀ ਜਾਣਕਾਰੀ ਨਹੀਂ ਦੇ ਰਿਹਾ ਹੈ।
ਬਠਿੰਡਾ ਦੇ ਹਰਮਿਲਾਪ ਗਰੇਵਾਲ ਆਰਟੀਆਈ ਕਾਰਕੁੰਨ ਨੇ ਦੱਸਿਆ ਕਿ ਜੂਨ-ਜੁਲਾਈ 2022 'ਚ ਕਾਫੀ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਕੈਨੇਡਾ ਵਿਚ ਭਾਰਤੀ ਨੌਜਵਾਨਾਂ ਦੀਆਂ ਕਾਫੀ ਮੌਤਾਂ ਹੋ ਰਹੀਆਂ ਹਨ, ਜਿਸ ਉਤੇ ਉਨ੍ਹਾਂ ਨੇ ਮਨਿਸਟਰੀ ਆਫ ਇੰਟਰਨਲ ਅਫੇਅਰ ਨੂੰ ਇਕ RTI ਪਾ ਕੇ 2017 ਤੋਂ 2022 ਤੱਕ ਨੌਜਵਾਨਾਂ ਦੀ ਹੋਈ ਮੌਤ ਦੇ ਅੰਕੜਿਆਂ ਦੀ ਮੰਗ ਕੀਤੀ। ਇਹ ਅੰਕੜੇ ਬੜੇ ਹੀ ਹੈਰਾਨੀਜਨਕ ਸਨ ਜਿਸ 'ਚ ਉਨ੍ਹਾਂ ਦੱਸਿਆ ਕਿ 2017 'ਚ ਇਕ ਮੌਤ ਤੇ 2018 'ਚ 2 ਮੌਤਾਂ ਹੋਈਆਂ ਹਨ, ਜਦੋਂਕਿ ਉਨ੍ਹਾਂ ਵੱਲੋਂ ਕੈਨੇਡਾ ਮੀਡੀਆ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ 50 ਨੌਜਵਾਨਾਂ ਦੀ ਮੌਤ ਹੋਈ ਸੀ।
ਉਨ੍ਹਾਂ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਸਫਾਰਤਖਾਨੇ ਕੋਲ ਜਾਣਕਾਰੀ ਨਹੀਂ ਹੈ ਜਾਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਗਰੋਂ ਉਨ੍ਹਾਂ ਨੇ ਭਾਰਤੀ ਸਫੀਰ ਨੂੰ ਇਕ ਚਿੱਠੀ ਲਿਖ ਕੇ ਸੱਚ ਅੰਕੜੇ ਪੇਸ਼ ਕਰਨ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ : 1 ਤੇ 2 ਫਰਵਰੀ ਨੂੰ ਬਾਰਡਰ ਇਲਾਕਿਆਂ ਦਾ ਦੌਰਾ ਕਰਨਗੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ
ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਇਕ ਪ੍ਰੈੱਸ 'ਚ ਆਰਟੀਕਲ ਛਪਿਆ ਹੈ ਜਿਸ ਵਿਚ ਉਨ੍ਹਾਂ ਨੇ ਸਰੀ ਦੇ ਇਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪ੍ਰਬੰਧਕਾਂ ਦੇ ਦੱਸਣ ਮੁਤਾਬਕ ਭਾਰਤ ਤੋਂ ਗਏ ਵਿਦਿਆਰਥੀਆਂ ਦੀਆਂ ਹਫ਼ਤੇ 'ਚ ਦੋ ਮੌਤਾਂ ਹੋ ਰਹੀਆਂ ਹਨ। ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਸੂਬਿਆਂ ਦੇ ਨੌਜਵਾਨਾਂ ਦੀ ਵੀ ਮੌਤ ਹੋ ਰਹੀ ਹੈ। ਇਨ੍ਹਾਂ 'ਚੋਂ 80 ਫ਼ੀਸਦੀ ਨੌਜਵਾਨਾਂ ਦੀ ਪੋਸਟਮਾਰਟਮ ਰਿਪੋਰਟ 'ਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਕਾਰਨ ਦੱਸੇ ਗਏ ਸਨ।
ਰਿਪੋਰਟ-ਮਨੀਸ਼ ਗਰਗ
- PTC NEWS