ਵੱਖ ਵੱਖ ਤਿੰਨ ਮਾਮਲਿਆਂ 'ਚ ਨਸ਼ੀਲਾ ਪਦਾਰਥ, ਹੈਰੋਇਨ, ਆਈਸ ਡਰੱਗ ਤੇ ਡਰੱਗ ਮਨੀ ਬਰਾਮਦ
ਨਵੀਨ ਸ਼ਰਮਾ, (ਲੁਧਿਆਣਾ, 11 ਨਵੰਬਰ): ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਖ਼ੁਲਾਸਾ ਕੀਤਾ ਗਿਆ ਹੈ ਕਿ ਨਸ਼ੇ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਉਨਾਂ ਕਿਹਾ ਆਕੀ ਐਂਟੀ ਨਾਰਕੋਟਿਕ ਸੈੱਲ-1 ਵੱਲੋਂ ਵੱਖ-ਵੱਖ ਤਿੰਨ ਮਾਮਲਿਆਂ ਦੇ ਅੰਦਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਨਸ਼ੇ ਦੀ ਸਮੱਗਰੀ ਦੇ ਨਾਲ ਡਰੱਗ ਮਨੀ ਅਤੇ ਹੋਰ ਹਥਿਆਰ ਵੀ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਸਦੇ ਨਾਲ ਹੋਰ ਸਬੂਤਾਂ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਡਾਕਟਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪਹਿਲੇ ਮਾਮਲੇ ਦੇ ਵਿੱਚ ਸਰਾਭਾ ਨਗਰ ਥਾਣੇ ਦੇ ਇਲਾਕੇ ਵਿੱਚ ਉਨ੍ਹਾਂ ਨੇ ਪਰਮਵੀਰ ਨਾਂਅ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 300 ਗਰਾਮ ਹੈਰੋਇਨ, 40 ਹਜ਼ਾਰ ਰੁਪਏ ਡਰੱਗ ਮਨੀ ਅਤੇ ਇੱਕ ਕਰੇਟਾ ਕਾਰ ਬਰਾਮਦ ਹੋਈ ਹੈ। ਉਹ ਦਿੱਲੀ ਤੋਂ ਨਸ਼ੇ ਦੀ ਇਹ ਖੇਪ ਲਿਆ ਕੇ ਅੱਗੇ ਵੇਚਦਾ ਸੀ।
ਦੂਜੇ ਮਾਮਲੇ 'ਚ ਪੁਲਿਸ ਨੇ ਪਿੰਡ ਸਨੇਤ ਦੇ ਨੇੜਿਉਂ ਯਾਦਵਿੰਦਰ ਉਰਫ ਰਿੰਕਲ ਨਾਂਅ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 34 ਗ੍ਰਾਮ ਆਇਸ ਡਰੱਗ ਬਰਾਮਦ ਹੋਈ ਹੈ। ਇਹ ਮੁਲਜ਼ਮ ਵੀ ਦਿੱਲੀ ਤੋਂ ਹੀ ਨਸ਼ੇ ਦੀ ਖੇਪ ਲਿਆਉਂਦਾ ਸੀ।
ਤੀਜੇ ਮਾਮਲੇ 'ਚ ਪੁਲਿਸ ਨੇ ਕਮਲਜੀਤ ਨਾਂਅ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ .32 ਬੋਰ ਦੀ ਪਿਸਤੌਲ ਅਤੇ 7 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ, ਮੁਲਜ਼ਮ 'ਤੇ ਪਹਿਲਾਂ ਵੀ ਨਸ਼ੇ ਦੀ ਸਪਲਾਈ ਦਾ ਮਾਮਲਾ ਦਰਜ ਹੈ।
ਕੁੱਲ ਮਿਲਾ ਕਿ ਉੱਕਤ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 300 ਗ੍ਰਾਮ ਹੈਰੋਇਨ, 1 ਕਿਲੋ ਅਫੀਮ, 24 ਗ੍ਰਾਮ ਆਈਸ ਡਰੱਗ, 50 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇੱਕ ਪਿਸਤੌਲ .32 ਬੋਰ, 7 ਜਿੰਦਾ ਕਾਰਤੂਸ ਅਤੇ 2 ਮੈਗਜ਼ੀਨਾਂ ਸਮੇਤ 3 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ।
- PTC NEWS