Georgia Accident : ਡਾ. ਓਬਰਾਏ ਨੇ ਮ੍ਰਿਤਕ ਰਵਿੰਦਰ ਦੇ ਪਰਿਵਾਰ ਨੂੰ 10,000 ਰੁਪਏ ਮਹੀਨਾ ਪੈਨਸ਼ਨ ਅਤੇ ਬੱਚੀਆਂ ਦੇ ਨਾਂ ਕਰਵਾਈਆਂ FDs
Jalandhar youth dies in Georgia accident : ਪਿਛਲੇ ਦਿਨੀਂ ਜਾਰਜੀਆ 'ਚ ਹੋਏ ਇੱਕ ਦਰਦਨਾਕ ਹਾਦਸੇ 'ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ 'ਚ ਸ਼ਾਮਲ ਜਲੰਧਰ ਜ਼ਿਲ੍ਹੇ ਦੇ ਪਿੰਡ ਕੋਟ ਰਾਮਦਾਸ ਨਾਲ ਸਬੰਧਿਤ ਰਵਿੰਦਰ ਕੁਮਾਰ ਦੇ ਘਰ ਦੁੱਖ ਵੰਡਾਉਣ ਲਈ ਪਹੁੰਚੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਪੀੜ੍ਹਤ ਪਰਿਵਾਰ ਦੀ ਵੱਡੀ ਮਦਦ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਕੌਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵੀ ਡਾ.ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਜਾਰਜੀਆ ਹਾਦਸੇ 'ਚ ਰਵਿੰਦਰ ਕੁਮਾਰ ਦੀ ਮੌਤ ਹੋ ਜਾਣ ਨਾਲ ਉਸਦੀ ਪਤਨੀ, ਤਿੰਨ ਛੋਟੇ-ਛੋਟੇ ਬੱਚਿਆਂ ਤੋਂ ਇਲਾਵਾ ਬਾਕੀ ਪਰਿਵਾਰ 'ਤੇ ਦੁੱਖਾਂ ਦੇ ਪਹਾੜ ਟੁੱਟ ਗਏ ਹਨ। ਉਨਾਂ ਕਿਹਾ ਕਿ ਮੈਂ ਆਪਣਾ ਫਰਜ਼ ਸਮਝਦਿਆਂ ਇਸ ਔਖੀ ਘੜੀ ਵੇਲੇ ਰਵਿੰਦਰ ਕੁਮਾਰ ਦੀ ਪਤਨੀ ਕੰਚਨ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੇਣ ਤੋਂ ਇਲਾਵਾ ਉਸ ਦੇ ਤਿੰਨ ਬੱਚਿਆਂ ਦੀ ਪੜ੍ਹਾਈ ਦੇ ਖਰਚ ਲਈ ਵੀ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਦਦ ਦਿੱਤੀ ਜਾਵੇਗੀ
ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਮਦਦ ਤੋਂ ਇਲਾਵਾ ਰਵਿੰਦਰ ਕੁਮਾਰ ਦੀਆਂ 9 ਤੇ 11 ਸਾਲਾ ਦੋ ਮਾਸੂਮ ਧੀਆਂ ਦੇ ਵਿਆਹਾਂ ਲਈ ਵੀ ਹੁਣ ਤੋਂ ਹੀ ਉਨ੍ਹਾਂ ਨੇ ਬੈਂਕ 'ਚ ਦੋ-ਦੋ ਲੱਖ ਰੁਪਏ ਦੀਆਂ ਐੱਫ.ਡੀ.ਆਰ.ਕਰਵਾ ਕੇ ਦਿੱਤੀਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਰਵਿੰਦਰ ਕੁਮਾਰ ਦੀ ਪਤਨੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਟੀਮ ਉਸ ਦੇ ਲਈ ਰੁਜ਼ਗਾਰ ਦਾ ਵੀ ਪ੍ਰਬੰਧ ਕਰੇਗੀ।
ਡਾ. ਉਬਰਾਏ ਨੇ ਇਹ ਵੀ ਦੱਸਿਆ ਕਿ ਉਹ ਬਹੁਤ ਹੀ ਜਲਦ ਜਾਰਜੀਆ ਹਾਦਸੇ 'ਚ ਮਾਰੇ ਗਏ ਬਾਕੀ ਪੰਜਾਬੀ ਨੌਜਵਾਨਾਂ ਦੇ ਘਰਾਂ ਅੰਦਰ ਜਾਣਗੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਲੋੜਾਂ ਮੁਤਾਬਕ ਉਨ੍ਹਾਂ ਦੀ ਮਦਦ ਵੀ ਕੀਤੀ ਜਾਵੇਗੀ।
ਇਸ ਮੌਕੇ ਟਰੱਸਟ ਦੇ ਦੋਆਬਾ ਜ਼ੋਨ ਦੇ ਇੰਚਾਰਜ ਅਮਰਜੋਤ ਸਿੰਘ, ਮੈਡਮ ਕੁਸ਼ਮ ਸ਼ਰਮਾ, ਐਡਵੋਕੇਟ ਮਨਮੋਹਨ ਸਿੰਘ, ਰਾਕੇਸ਼ ਖਾਂਬੜਾ, ਰਜਿੰਦਰ ਚੌਪੜਾ, ਐਸ.ਸੀ. ਸ਼ਰਮਾ ਆਦਿ ਹਾਜ਼ਰ ਸਨ।
- PTC NEWS