ਗੁਰਦਾਸਪੁਰ, 30 ਜਨਵਰੀ: ਬੀਤੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਕਸਬੇ ਦੇ ਜੰਮਪਲ-ਪਿਛਲੇ ਲਗਭਗ ਬਾਰਾਂ ਸਾਲਾਂ ਤੋਂ ਲੰਡਨ ਵਿਖੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ - ਯੂ.ਕੇ. ਦੇ ਸਮਾਜ ਸੇਵੀ ਕੰਮਾਂ ਵਿਚ ਸ਼ਾਨਦਾਰ ਡਾਕਟਰੀ ਸੇਵਾਵਾਂ ਨਿਭਾਉਣ ਵਾਲੇ ਪੰਜਾਬ ਦੇ ਪਹਿਲੇ ਗੁਰਸਿੱਖ ਡਾ. ਹਰਮਨਦੀਪ ਸਿੰਘ ਭਾਟੀਆ (ਸਪੁੱਤਰ ਡਾ. ਬਲਚਰਨਜੀਤ ਸਿੰਘ ਭਾਟੀਆ - ਮਾਤਾ ਡਾ. ਆਦਰਸ਼ ਭਾਟੀਆ) ਨੂੰ ਲੰਡਨ ਦੀ ਪਾਰਲੀਮੈਂਟ ਵਿਚ ਹੋਏ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਬ੍ਰਿਟਿਸ਼ ਰਾਜ ਦੇ ਰਾਜਾ ਦੀ ਤਰਫੋਂ ਬਾਰਬਾਹਾ ਵਿਕਰਮ ਤੋਂ ‘ਇੰਡੀਆ-ਯੂ.ਕੇ. ਆਊਟਸਟੈਂਡਿੰਗ ਅਚੀਵਰਜ਼ ਐਵਾਰਡ' ਹਾਸਿਲ ਹੋਣ 'ਤੇ ਸਿੱਖ ਕੌਮ ਤੇ ਪੰਜਾਬੀਆਂ ਲਈ ਸਮੁੱਚੇ ਤੌਰ 'ਤੇ ਮਾਣ ਵਾਲੀ ਪ੍ਰਾਪਤੀ ਹੋਣ ਕਰਕੇ ਇਲਾਕੇ ਤੇ ਭਾਟੀਆ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਹ ਸਨਮਾਨ ਲਈ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਯੂ.ਕੇ. ਆ ਕੇ ਪੜ੍ਹੇ ਸਿਰਫ 75 ਪ੍ਰਮੁੱਖ ਸਖਸ਼ੀਅਤਾਂ ਨੂੰ ਚੁਣਿਆ ਗਿਆ ਹੈ। ਡਾ. ਹਰਮਨਦੀਪ ਸਿੰਘ - ਡਾ. ਜਗਦੀਪ ਪਾਲ ਸਿੰਘ ਭਾਟੀਆ - ਮਨੋਰੋਗਾਂ ਦੇ ਮਾਹਿਰ ਦੇ ਬੇਹੱਦ ਨਜ਼ਦੀਕੀ ਰਿਸ਼ਤੇਦਾਰ ਤੇ ਡਾ. ਹਰਸਿਮਰਨਜੀਤ ਸਿੰਘ ਦੇ ਭਰਾ ਹਨ। ਡਾ. ਹਰਮਨਦੀਪ ਸਿੰਘ ਦੀ ਪਤਨੀ ਡਾ. ਰਵਪ੍ਰੀਤ ਕੌਰ ਵੀ ਲੰਡਨ ਵਿਖੇ ਡਾਕਟਰੀ ਖੇਤਰ ਵਿਚ ਚੰਗੀ ਪਹਿਚਾਣ ਰੱਖਦੇ ਹਨ। ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ - ਅੰਮ੍ਰਿਤਸਰ ਤੋਂ ਮੁੱਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਡਾ. ਹਰਮਨਦੀਪ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ - ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ. ਤੇ ਲੰਡਨ ਤੋਂ ਐਮ. ਡੀ. ਤੇ ਐਫ. ਆਰ. ਸੀ. ਪੀ. (ਫੈਲੋ ਰਾਇਲ ਕਾਲਜ ਆਫ ਫਿਜੀਸ਼ੀਅਨ) ਦੀ ਡਿਗਰੀ ਹਾਸਿਲ ਕੀਤੀ। ਸਮਾਜਿਕ ਸੇਵਾਵਾਂ ਦੀ ਗੁੜ੍ਹਤੀ ਉਹਨਾਂ ਨੂੰ ਆਪਣੇ ਵਿਰਸੇ ਵਿਚੋਂ ਹੀ ਮਿਲੀ ਹੈ। ਉਨ੍ਹਾਂ ਦੇ ਪਿਤਾ ਡਾ. ਬਲਚਰਨਜੀਤ ਸਿੰਘ ਭਾਟੀਆ ਪ੍ਰਸਿੱਧ ਸਰਜਨ ਹਨ ਤੇ ਸਿੱਖ ਨੈਸ਼ਨਲ ਕਾਲਜ-ਕਾਦੀਆਂ ਦੀ ਸਥਾਨਿਕ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ, ਪ੍ਰਸਿੱਧ ਸਮਾਜ ਸੇਵੀ ਵੀ ਹਨ। ਭਾਰਤ ਵਿਚ ਵੀ ਮਾਨਵ ਸੇਵਾ ਲਈ ਡਾ. ਹਰਮਨਦੀਪ ਸਿੰਘ ਨੇ ਆਪਣੇ ਦਾਦਾ ਹਕੀਮ ਕਰਤਾਰ ਸਿੰਘ ਤੇ ਦਾਦੀ ਮਾਤਾ ਕਰਤਾਰ ਕੌਰ ਭਾਟੀਆ ਚੈਰੀਟੇਬਲ ਟਰੱਸਟ ਸਥਾਪਤ ਕੀਤਾ ਹੈ ਤੇ ਲੋੜਵੰਦ ਮਰੀਜ਼ਾਂ ਲਈ ਅਕਸਰ ਅੱਖਾਂ ਤੇ ਮੈਡੀਕਲ ਜਾਂਚ ਦੇ ਮੁਫਤ ਕੈਂਪ ਲਗਵਾਉਂਦੇ ਹਨ ਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਤੇ ਖਰਚ ਕਰਦੇ ਹਨ।