Ambedkar Statue Incident : ''ਮੇਰੇ ਮੁੰਡੇ ਨੇ ਜੋ ਕੀਤਾ ਉਹ ਸਰਾਸਰ ਗਲਤ, ਸਜ਼ਾ ਵੀ ਜ਼ਰੂਰ ਮਿਲੇ...'' ਡਾ. ਅੰਬੇਦਕਰ ਦੀ ਮੂਰਤੀ ਭੰਨਣ ਵਾਲੇ ਦੀ ਮਾਂ ਹੋਈ ਭਾਵੁਕ
Amritsar Incident : ਅੰਮ੍ਰਿਤਸਰ 'ਚ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀ ਮੂਰਤੀ ਦੀ ਤੋੜਭੰਨ ਕੀਤੇ ਜਾਣ ਦੀ ਘਟਨਾ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਘਟਨਾ ਦੇ ਮੁਲਜ਼ਮ ਅਕਾਸ਼ ਨੂੰ ਭਾਵੇਂ ਮੌਕੇ 'ਤੇ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ ਅਤੇ ਮੂਰਤੀ ਭੰਨਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਪਰ ਇਸ ਘਟਨਾ ਨੇ ਦਲਿਤ ਭਾਈਚਾਰੇ 'ਚ ਰੋਸ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਇਸ ਘਟਨਾ ਨਾਲ ਮੁਲਜ਼ਮ ਅਕਾਸ਼ ਦਾ ਪਰਿਵਾਰ ਵੀ ਸਦਮੇ ਵਿੱਚ ਹੈ ਅਤੇ ਉਸ ਦੀ ਮਾਂ ਆਸ਼ਾ ਰਾਣੀ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਗਲਤੀ ਕੀਤੀ ਹੈ ਤਾਂ ਹੁਣ ਸਜ਼ਾ ਵੀ ਜ਼ਰੂਰ ਮਿਲੇ...ਭਾਵੁਕ ਹੋਈ ਅਕਾਸ਼ ਦੀ ਮਾਂ
ਅਕਾਸ਼ ਦੀ ਮਾਂ ਨੇ ਭਾਵੁਕ ਹੁੰਦਿਆਂ ਕਿਹਾ ਹੈ ਕਿ ਉਸ ਦੇ ਮੁੰਡੇ ਨੇ ਜੋ ਕੀਤਾ, ਉਹ ਸਰਾਸਰ ਗਲਤ ਹੈ। ਹੁਣ ਜੇ ਉਸ ਨੇ ਗਲਤੀ ਕੀਤੀ ਹੈ ਤਾਂ ਸਜ਼ਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਸ਼ 3-4 ਸਾਲ ਦੁਬਈ ਜਾਣ ਤੋਂ ਪਹਿਲਾਂ ਉਸ ਨੂੰ ਮਿਲ ਕੇ ਗਿਆ ਸੀ ਪਰ ਉਸ ਤੋਂ ਬਾਅਦ ਉੱਥੇ ਜਾ ਕੇ ਸਾਡੇ ਨਾਲ ਰਿਸ਼ਤਾ ਤੋੜਨ ਦੀਆਂ ਗੱਲਾਂ ਕਰਨ ਲੱਗਾ। ਸਾਨੂੰ ਇਥੋਂ ਤੱਕ ਇਹ ਗੱਲ ਵੀ ਕਹਿ ਦਿੱਤੀ ਕਿ ਮੈਂ ਤੁਹਾਡੇ ਮਰਨ 'ਤੇ ਵੀ ਚਿਤਾ ਦੇਣ ਨਹੀਂ ਆਵਾਂਗਾ।
ਉਨ੍ਹਾਂ ਦੱਸਿਆ ਕਿ ਉਸ ਪਿੱਛੋਂ ਜਦੋਂ ਇਹ ਦੁਬਈ ਤੋਂ ਵਾਪਸ ਆ ਕੇ ਨਾਨੀ ਨੂੰ ਮਿਲਣ ਉਪਰੰਤ ਅੰਮ੍ਰਿਤਸਰ ਸਾਹਿਬ ਕਿਰਾਏ 'ਤੇ ਰਹਿਣ ਲੱਗ ਗਿਆ ਸੀ। ਉਸ ਨੇ ਦੱਸਿਆ ਕਿ ਦੁਬਈ ਜਾਣ ਸਮੇਂ ਪਹਿਲਾਂ ਇਹ ਮੋਨਾ ਸੀ ਅਤੇ ਹੁਣ ਸਿੱਖੀ ਸਰੂਪ ਵਿੱਚ ਵਾਪਸ ਆਇਆ ਸੀ।
ਕੌਣ ਹੈ ਮੁਲਜ਼ਮ ਅਕਾਸ਼ ?
ਜ਼ਿਕਰਯੋਗ ਹੈ ਕਿ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਵਾਲਾ ਨੌਜਵਾਨ ਆਕਾਸ਼ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਚੁਗਾ ਬਸਤੀ ਧਰਮਕੋਟ, ਥਾਣਾ ਧਰਮਕੋਟ, ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਧਰਮਕੋਟ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਹ ਤਿੰਨ ਭਰਾ ਅਤੇ ਇੱਕ ਭੈਣ ਹਨ। ਉਸਦਾ ਪਰਿਵਾਰ ਮਜ਼ਦੂਰਾਂ ਵਜੋਂ ਕੰਮ ਕਰਦਾ ਹੈ, ਜੋ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਆਪਣੀ ਦਾਦੀ ਗੁਰਮੇਲ ਕੌਰ (ਨਾਨੀ) ਨਾਲ ਪਿੰਡ ਬੁੱਗੀਪੁਰਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ ਵਿਖੇ ਕਰੀਬ ਤਿੰਨ/ਚਾਰ ਸਾਲਾਂ ਤੋਂ ਰਹਿ ਰਿਹਾ ਸੀ।
- PTC NEWS