ਅੰਮ੍ਰਿਤਸਰ 'ਚ ਦੁਕਾਨ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੀ ਬੇਅਦਬੀ, ਹਿਰਾਸਤ 'ਚ ਦੁਕਾਨਦਾਰ
Sri Guru Granth Sahib Beadbi in Amritsar : ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਇੱਕ ਦੁਕਾਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀਆਂ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦੇ ਅੰਦਰ ਕਾਫੀ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਰੱਖੀਆਂ ਹੋਈਆਂ ਸਨ ਅਤੇ ਉਸ ਦੀ ਕੋਈ ਸਾਂਭ-ਸੰਭਾਲ ਵੀ ਨਹੀਂ ਸੀ ਕੀਤੀ ਜਾ ਰਹੀ ਸੀ। ਸਿੱਖ ਜਥੇਬੰਦੀਆਂ ਨੂੰ ਜਦੋਂ ਇਸ ਦੀ ਜਾਣਕਾਰੀ ਹੋਈ ਤੇ ਉਹ ਮੌਕੇ 'ਤੇ ਪੁਲਿਸ ਨੂੰ ਲੈ ਕੇ ਦੁਕਾਨ 'ਤੇ ਪਹੁੰਚੇ ਅਤੇ ਦੁਕਾਨ ਦੇ ਅੰਦਰ ਜਦੋਂ ਜਾਂਚ ਕੀਤੀ ਅਤੇ ਉੱਥੇ ਬ੍ਰਿਧ ਅਵਸਥਾ ਦੇ ਵਿੱਚ ਅਤੇ ਮਿੱਟੀ-ਘੱਟੇ ਨਾਲ ਭਰੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਪੋਥੀਆਂ ਅਤੇ ਹੋਰ ਵੀ ਕਈ ਪੋਥੀਆਂ ਮਿਲੀਆਂ।
ਸਿੱਖ ਜਥੇਬੰਦੀਆਂ ਵੱਲੋਂ ਮਾਮਲੇ ਸਬੰਧੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਤੇ ਦੁਕਾਨਦਾਰ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਤਰਲੋਚਨ ਸਿੰਘ ਸੋਹਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਇਹ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਨੂੰ ਹੋਰ ਵੀ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਉਧਰ, ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਦਰਖਾਸਤ ਮਿਲੀ ਸੀ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਦੁਕਾਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀਆਂ ਦੀ ਬੇਅਦਬੀ ਹੋ ਰਹੀ ਹੈ, ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਹਾਂ ਤੇ ਦੁਕਾਨ ਦੇ ਮਾਲਕ ਨੂੰ ਬੁਲਾਇਆ। ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਦੁਕਾਨ ਦੇ ਅੰਦਰ ਬੜੀ ਮਰਿਆਦਾ ਨਾਲ ਗਏ ਤੇ ਚੈਕਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚ ਵੱਡੀ ਗਿਣਤੀ ਵਿੱਚ ਬ੍ਰਿਧ ਅਵਸਥਾ ਦੇ ਵਿੱਚ ਅਤੇ ਘੱਟੇ ਨਾਲ ਭਰੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਮਿਲੀਆਂ ਹਨ। ਫਿਲਹਾਲ ਦੁਕਾਨਦਾਰ ਨੂੰ ਹਿਰਾਸਤ ਲੈ ਲਿਆ ਅਤੇ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS