Diljit Ludhiana Concert : ਸ਼ੋਅ ਦੌਰਾਨ ਸ਼ਰਾਬ ਤੇ ਨਸ਼ੇ 'ਤੇ ਗੀਤ, ਪੰਜਾਬ ਦੇ ਗ੍ਰਹਿ ਸਕੱਤਰ ਤੇ ਡੀਜੀਪੀ ਸਮੇਤ ਹੋਰਾਂ ਨੂੰ ਨੋਟਿਸ ਜਾਰੀ
High Court notice Punjab government on Diljit Show : ਲੁਧਿਆਣਾ ਵਿੱਚ 31 ਦਸੰਬਰ ਦੀ ਰਾਤ ਨੂੰ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਵਜਾਉਣ ਵਿਰੁੱਧ ਹਾਈਕੋਰਟ ਵਿੱਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ ਮੰਗਲਵਾਰ ਇਸ ਪਟੀਸ਼ਨ 'ਤੇ ਪੰਜਾਬ ਦੇ ਗ੍ਰਹਿ ਸਕੱਤਰ, ਡੀਜੀਪੀ, ਲੁਧਿਆਣਾ ਦੇ ਡੀਸੀ, ਪੀਏਯੂ ਦੇ ਵੀਸੀ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਪੰਜਾਬ-ਹਰਿਆਣਾ ਹਾਈਕੋਰਟ 'ਚ ਪੰਡਿਤ ਰਾਓ ਧਰੇਨਵਰ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਪੰਡਿਤ ਰਾਓ ਨੇ ਦੱਸਿਆ ਕਿ ਸਾਲ 2019 'ਚ ਹਾਈਕੋਰਟ ਵੱਲੋਂ ਸ਼ਰਾਬ, ਨਸ਼ੇ, ਹਥਿਆਰਾਂ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਫਿਰ ਵੀ ਦਿਲਜੀਤ ਦੁਸਾਂਝ ਦੇ ਲੁਧਿਆਣਾ 'ਚ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ, ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ। ਇੰਨਾ ਹੀ ਨਹੀਂ, ਇਹ ਸ਼ੋਅ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋਅ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਹੋਇਆ।
ਪਟੀਸ਼ਨ 'ਚ ਪਟੀਸ਼ਨਕਰਤਾ ਨੇ ਹਾਈਕੋਰਟ ਤੋਂ ਇਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿੱਖ ਵਿੱਚ ਅਜਿਹੇ ਗੀਤਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਇਸ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ 7 ਫਰਵਰੀ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
- PTC NEWS