Diljit Dosanjh : ਹੈਦਰਾਬਾਦ ਕੰਸਰਟ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਝਟਕਾ! ਤੇਲੰਗਾਨਾ ਦੇ ਜ਼ਿਲ੍ਹਾ ਅਧਿਕਾਰੀ ਨੇ ਕੱਢਿਆ ਨੋਟਿਸ, ਜਾਣੋ ਪੂਰਾ ਮਾਮਲਾ
Diljit Dosanjh Hyderabad Concert : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀ ਆਪਣੇ ਦਿਲ-ਲੁਮੀਨਾਤੀ ਟੂਰ ਤਹਿਤ ਭਾਰਤ ਦੌਰੇ 'ਤੇ ਹਨ। ਗਾਇਕ ਦਾ ਹੈਦਰਾਬਾਦ ਕੰਸਰਟ 15 ਨਵੰਬਰ (ਸ਼ੁੱਕਰਵਾਰ) ਨੂੰ ਹੈ, ਪਰ ਇਸਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਿਆ ਹੈ। ਗਾਇਕ ਨੂੰ ਹੈਦਰਾਬਾਦ 'ਚ ਲਾਈਵ ਸ਼ੋਅ ਦੌਰਾਨ 'ਪਟਿਆਲਾ ਪੈਗ' ਸਮੇਤ ਕੁੱਝ ਗੀਤਾਂ ਨੂੰ ਨਾ ਗਾਉਣ ਲਈ ਤੇਲੰਗਾਨਾ ਦੇ ਜ਼ਿਲ੍ਹਾ ਅਧਿਕਾਰੀ ਨੇ ਨੋਟਿਸ ਜਾਰੀ ਕੀਤਾ ਹੈ।
ਡੀਐਸਡਬਲਯੂ, ਤੇਲੰਗਾਨਾ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਦਲਜੀਤ ਦੁਸਾਂਝ ਨੂੰ 15 ਨਵੰਬਰ ਹੈਦਰਾਬਾਦ ਵਿੱਚ "ਪਟਿਆਲਾ ਪੈੱਗ" ਗੀਤ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਭਲਾਈ ਅਫ਼ਸਰ ਤੇਲੰਗਾਨਾ ਵੱਲੋਂ ਨੋਟਿਸ ਵਿੱਚ ਲਾਈਵ ਸ਼ੋਅ ਦੌਰਾਨ ਗਾਇਕ ਨੂੰ ਪਟਿਆਲਾ ਪੈੱਗ ਗੀਤ ਤੋਂ ਇਲਾਵਾ ਕੇਸ ਅਤੇ ਪੰਜ ਤਾਰਾ ਠੇਕੇ ਵਰਗੇ ਗੀਤ ਨਾ ਗਾਉਣ ਲਈ ਵੀ ਕਿਹਾ ਗਿਆ ਹੈ।
ਪੰਡਿਤਰਾਓ ਧਰੇਨਵਰ ਨੇ ਕੀਤੀ ਸੀ ਸ਼ਿਕਾਇਤ
ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਨੂੰ ਹੈਦਰਾਬਾਦ ਕੰਸਰਟ ਤੋਂ ਪਹਿਲਾਂ ਇਹ ਨੋਟਿਸ ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸਟੇਜ 'ਤੇ ਨਾ ਵਰਤੋਂ, ਕਿਉਂਕਿ ਲਾਈਵ ਸ਼ੋਅ ਦੌਰਾਨ 122 ਡੀਬੀ ਤੋਂ ਵੱਧ ਸ਼ੋਰ ਹੁੰਦਾ ਹੈ, ਜੋ ਬੱਚਿਆਂ ਲਈ ਨੁਕਸਾਨਦੇਹ ਹੈ।
ਪੰਡਿਤਰਾਓ ਧਰੇਨਵਰ, ਸਹਾਇਕ ਪ੍ਰੋਫੈਸਰ, ਪੀ.ਪੀ.ਜੀ.ਸੀ.-46 ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲਾਈਵ ਸ਼ੋਅ ਦੌਰਾਨ ਸ਼ਰਾਬ, ਨਸ਼ੇ ਅਤੇ ਗੰਨ ਕਲਚਰ ਨੂੰ ਪ੍ਰਫੁੱਲਤ ਕਰਨ ਵਾਲੇ ਗੀਤ ਨਾ ਗਾਉਣ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਹੋਏ ਹਨ, ਇਸ ਤੋਂ ਬਾਅਦ ਵੀ ਜੇਕਰ ਦਲਜੀਤ ਦੁਸਾਂਝ ਅਜਿਹੇ ਗੀਤਾਂ ਨੂੰ ਅੱਗੇ ਵਧਾਉਂਦੇ ਹਨ ਤਾਂ ਮੈਂ ਮਾਣਯੋਗ ਕੋਲ ਪਹੁੰਚ ਕਰਾਂਗਾ।
- PTC NEWS