Diljit Dosanjh Mumbai Concert : ਤੇਲੰਗਾਨਾ, ਚੰਡੀਗੜ੍ਹ ਮਗਰੋਂ ਹੁਣ ਮਹਾਰਾਸ਼ਟਰ ਬਾਲ ਅਧਿਕਾਰ ਕਮਿਸ਼ਨ ਨੇ ਦਿਲਜੀਤ ਦੋਸਾਂਝ ਨੂੰ ਦਿੱਤੀ ਇਹ ਹਿਦਾਇਤ, ਨਹੀਂ ਗਾ ਸਕਣਗੇ ਇਹ ਗੀਤ
Diljit Dosanjh Mumbai Concert : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ 'ਦਿਲ-ਲੁਮੀਨਾਤੀ' ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ ਪਰ ਭਾਰਤ ਖਾਸ ਕਰਕੇ ਚੰਡੀਗੜ੍ਹ 'ਚ ਉਨ੍ਹਾਂ ਦੇ ਸ਼ੋਅਜ਼ ਨੂੰ ਲੈ ਕੇ ਹਰ ਰੋਜ਼ ਨਵੇਂ-ਨਵੇਂ ਵਿਵਾਦ ਸਾਹਮਣੇ ਆ ਰਹੇ ਹਨ। ਬੇਸ਼ੱਕ ਦਿਲਜੀਤ ਦੋਸਾਂਝ ਨੇ ਇਸ ਕੰਸਰਟ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੋਵੇ ਪਰ ਉਹ ਆਪਣੇ ਵਿਰੋਧੀਆਂ ਅਤੇ ਪ੍ਰਸ਼ਾਸਨ ਨੂੰ ਸੰਤੁਸ਼ਟ ਨਹੀਂ ਕਰ ਸਕੇ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਕੰਸਰਟ ਨੂੰ ਲੈ ਕੇ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ 'ਚ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਬਾਲ ਅਧਿਕਾਰ ਕਮਿਸ਼ਨ ਨੇ ਵੀ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀ ਹੈ।
ਮਹਾਰਾਸ਼ਟਰ ਬਾਲ ਅਧਿਕਾਰ ਕਮਿਸ਼ਨ ਨੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਕਿਸੇ ਵੀ ਰੂਪ ਵਿੱਚ ਸਟੇਜ 'ਤੇ ਬੱਚਿਆਂ ਦੀ ਵਰਤੋਂ ਨਾ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
ਨੋਟਿਸ ਵਿੱਚ 22.7.2019 ਦੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਦਾ ਜ਼ਿਕਰ ਹੈ। ਇਹ ਨੋਟਿਸ ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਤੋਂ ਬਾਅਦ ਆਇਆ ਹੈ। ਇੱਕ ਦਿਨ ਪਹਿਲਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਮੁੰਬਈ ਨੇ ਵੀ ਸ਼ਰਾਬ ਅਤੇ ਗੁਟਕੇ ਦਾ ਪ੍ਰਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਦਿਲਜੀਤ ਦੋਸਾਂਝ ਦੇ ਲਾਈਵ ਸਟੇਜ 'ਤੇ ਨਾ ਚੜ੍ਹਨ ਦੇਣ ਲਈ ਨੋਟਿਸ ਜਾਰੀ ਕੀਤਾ ਸੀ।
- PTC NEWS