ਆਊਟਸੋਰਸ ਮੁਲਾਜ਼ਮ ਯੂਨੀਅਨ ਵੱਲੋਂ ਕੁਲਦੀਪ ਧਾਲੀਵਾਲ ਦੇ ਦਫਤਰ ਅੱਗੇ ਧਰਨਾ
ਅੰਮ੍ਰਿਤਸਰ : ਵੇਰਕਾ ਮਿਲਕ ਅਤੇ ਕੇਟਲਫੀਲ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਜਨਾਲਾ ਵਿਖੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੇ ਦਫ਼ਤਰ ਮੂਹਰੇ ਘਿਰਾਓ ਕਰਕੇ ਸੈਂਕੜੇ ਮੁਲਾਜ਼ਮਾਂ ਵੱਲੋਂ ਜ਼ਬਰਦਸਤ ਰੋਸ ਧਰਨਾ ਦਿੱਤਾ ਗਿਆ ਜਿਸ ਦੌਰਾਨ ਪੰਜਾਬ ਸਰਕਾਰ ਤੇ ਮੰਤਰੀ ਧਾਲੀਵਾਲ ਵਿਰੁੱਧ ਜਮਕੇ ਨਾਅਰੇਬਾਜ਼ੀ ਕੀਤੀ ਗਈ।
ਸੂਬਾ ਆਗੂ ਪਵਨਦੀਪ ਸਿੰਘ ਤੇ ਵੱਖ-ਵੱਖ ਪਲਾਂਟ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਵੇਰਕਾ ਮਿਲਕ ਪਲਾਂਟਾਂ 'ਚ 500 ਪੋਸਟਾਂ ਭਰਨ ਨੂੰ ਪ੍ਰਵਾਨਗੀ ਦਿੱਤੀ ਗਈ ਸੀ।
ਆਊਟਸੋਰਸ ਮੁਲਾਜ਼ਮਾਂ ਦੀ ਮੰਗ ਸੀ ਕਿ ਪਹਿਲਾ ਇਨ੍ਹਾਂ ਪੋਸਟ ਉਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵਿਭਾਗ 'ਚ ਸ਼ਾਮਿਲ ਕੀਤਾ ਜਾਵੇ। ਇਨ੍ਹਾਂ ਪੋਸਟਾਂ ਉਤੇ ਭਰਤੀ ਕਰਨ ਨਾਲ 500 ਆਊਟਸੋਰਸ ਵਰਕਰਾਂ ਦਾ ਰੁਜ਼ਗਾਰ ਚਲਾ ਜਾਵੇਗਾ ਕਿਉਂਕਿ ਸੀ ਤੇ ਡੀ ਕੈਟਾਗਰੀ ਵਿਚ ਇਨ੍ਹਾਂ ਸਾਰੀਆਂ ਪੋਸਟਾਂ ਉਤੇ ਆਊਟਸੋਰਸ ਵਰਕਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ, ਜਿਸ ਦੇ ਸਬੰਧ 'ਚ ਵੇਰਕਾ ਠੇਕਾ ਮੁਲਾਜ਼ਮ ਯੂਨੀਅਨ ਨੇ 3 ਦਿਨ ਦਾ ਮੁਹਾਲੀ ਮਿਲਕ ਪਲਾਂਟ ਵਿਖੇ ਧਰਨਾ ਦਿੱਤਾ ਸੀ।
ਇਸ ਧਰਨੇ ਦੇ ਸਿੱਟੇ ਵਜੋਂ ਪੰਜਾਬ ਸਰਕਾਰ ਤੇ ਵੇਰਕਾ ਮਿਲਕਫੈਡ ਮੈਨੇਜਮੈਂਟ ਵੱਲੋਂ ਇਨ੍ਹਾਂ ਪੋਸਟਾਂ ਉਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਵੇਰਕਾ ਠੇਕਾ ਮੁਲਾਜ਼ਮ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਨਾਲ ਜਲਦ ਮੀਟਿੰਗ ਕਰਵਾ ਕੇ ਤੁਹਾਡੀਆਂ ਮੰਗਾਂ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਪੋਸਟਾਂ ਭਰੀਆਂ ਜਾਣਗੀਆਂ। ਪ੍ਰੰਤੂ ਅਜੇ ਤੱਕ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਨਾ ਹੀ ਮੰਗਾਂ ਨੂੰ ਹੱਲ ਕਰਨ ਵੱਲ ਧਿਆਨ ਦਿੱਤਾ ਗਿਆ।
- PTC NEWS