ਐਸਐਚਓ ਤੇ ਵਿਧਾਇਕ ਪਾਹੜਾ 'ਚ ਬਹਿਸ ਮਗਰੋਂ ਹੰਗਾਮਾ, ਸਮਰਥਕਾਂ ਨੇ ਦਿੱਤਾ ਧਰਨਾ
ਗੁਰਦਾਸਪੁਰ : ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਪਣੇ ਸਮਰਥਕਾਂ ਸਮੇਤ ਥਾਣੇ ਦੇ ਮੂਹਰੇ ਧਰਨੇ ਉਤੇ ਬੈਠ ਗਏ। ਵਿਧਾਇਕ ਦਾ ਦੋਸ਼ ਹੈ ਕਿ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਹੈ ਜਦੋਂ ਉਹ ਇਕ ਮਾਮਲੇ ਵਿਚ ਦੋਹਾਂ ਪਾਰਟੀਆਂ ਨੂੰ ਬੁਲਾ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਉਣ ਦੀ ਗੱਲ ਕਰ ਰਹੇ ਸਨ ਤਾਂ ਵਿਧਾਇਕ ਪਾਹੜਾ ਅਤੇ ਐੱਸਐੱਚਓ ਵਿੱਚ ਬਹਿਸ ਹੋ ਗਈ ਜਿਸ ਤੋਂ ਬਾਅਦ ਵਿਧਾਇਕ ਪਾਹੜਾ ਨੇ ਆਪਣੇ ਸਮਰਥਕਾਂ ਸਮੇਤ ਥਾਣੇ ਬਾਹਰ ਧਰਨਾ ਲਗਾ ਦਿੱਤਾ ਅਤੇ ਐਸਐਚਓ ਉਪਰ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ।
ਧਰਨੇ ਉਤੇ ਬੈਠੇ ਵਿਧਾਇਕ ਪਾਹੜਾ ਨੇ ਦੱਸਿਆ ਕਿ ਪੰਮੀ ਨਾਮਕ ਕਾਂਗਰਸੀ ਵਰਕਰ ਤੇ ਉਨ੍ਹਾਂ ਦੇ ਇਲਾਕੇ ਦੇ ਇਕ ਹੋਰ ਪਰਿਵਾਰ ਨਾਲ ਝਗੜਾ ਸੀ ਪਰ ਦੂਜੇ ਪਰਿਵਾਰ ਦੀ ਇਕ ਔਰਤ ਕਾਂਗਰਸੀ ਵਰਕਰ ਉਤੇ ਬਦਸਲੂਕੀ ਦਾ ਗਲਤ ਦੋਸ਼ ਲਗਾ ਰਹੀ ਹੈ। ਕਾਂਗਰਸੀ ਵਰਕਰ ਹੋਣ ਦੇ ਨਾਤੇ ਐਸਐਚਓ ਥਾਣਾ ਸਿਟੀ ਗੁਰਦਾਸਪੁਰ ਵੱਲੋਂ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਇਕ ਵੱਡੇ ਮੁਜ਼ਰਮ ਦੀ ਤਰ੍ਹਾਂ ਉਸ ਨੂੰ ਫੜ੍ਹਨ ਲਈ ਪੁਲਿਸ ਪਾਰਟੀ ਭੇਜੀ ਗਈ। ਬਾਅਦ ਵਿੱਚ ਉਹ ਖੁਦ ਕਾਂਗਰਸੀ ਵਰਕਰ ਪੰਮੀ ਨੂੰ ਨਾਲ ਲੈਕੇ ਥਾਣੇ ਆਏ ਅਤੇ ਜਦੋਂ ਦੂਸਰੀ ਪਾਰਟੀ ਨੂੰ ਬੁਲਾਉਣ ਲਈ ਕਿਹਾ ਤਾਂ ਐਸਐਚਓ ਗੁਰਮੀਤ ਸਿੰਘ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਇਸ ਤੋਂ ਬਾਅਦ ਉਨਾਂ ਨਾਲ ਆਏ ਕਾਂਗਰਸੀ ਵਰਕਰ ਭੜਕ ਗਏ ਅਤੇ ਥਾਣਾ ਘੇਰ ਲਿਆ। ਪਾਹੜਾ ਨੇ ਕਿਹਾ ਕਿ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਸਐਚਓ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਸਬੰਧੀ ਜਦੋਂ ਥਾਣਾ ਸਿਟੀ ਗੁਰਦਾਸਪੁਰ ਵਿਚ ਪਹੁੰਚੇ ਡੀਐਸਪੀ ਰੀਪੂਤਾਪਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਕ ਮਹਿਲਾ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਨਾਲ ਇਕ ਸਮਾਗਮ ਦੌਰਾਨ ਪੰਮੀ ਨਾਮਕ ਕਾਂਗਰਸੀ ਵਰਕਰ ਨੇ ਉਸ ਨਾਲ ਬਦਸਲੂਕੀ ਕੀਤੀ ਹੈ ਜਦ ਇਸ ਵਿਅਕਤੀ ਨੂੰ ਬੁਲਾਇਆ ਗਿਆ।
ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਵਾਸਤੇ ਉਕਸਾਉਣ ਲਈ ਸ਼ੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ 'ਚ ਲਿਆ
ਉਸ ਨਾਲ ਕਾਂਗਰਸੀ ਸਮਰਥਕ ਵੀ ਆ ਗਏ ਜਿਸ ਵਿੱਚ ਵਿਧਾਇਕ ਪਾਹੜਾ ਵੀ ਸ਼ਾਮਿਲ ਸਨ ਜਦ ਬੈਠ ਕੇ ਗੱਲ ਹੋ ਰਹੀ ਸੀ ਤਾਂ ਕੁੱਝ ਕਾਂਗਰਸੀ ਵਰਕਰ ਭੜਕ ਉਠੇ ਅਤੇ ਇਨ੍ਹਾਂ ਬਾਹਰ ਜਾ ਕੇ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਰੂਲਿੰਗ ਮੁਤਾਬਕ ਜੇਕਰ ਕਿਸੇ ਔਰਤ ਨਾਲ ਬਦਸਲੂਕੀ ਹੁੰਦੀ ਹੈ ਤਾਂ ਉਸਦੇ ਬਿਆਨ ਦਰਜ ਕਰ ਕੇ ਤੁਰੰਤ ਕਾਰਵਾਈ ਕਰਨੀ ਹੁੰਦੀ ਹੈ ਜੋ ਅਸੀਂ ਕੀਤੀ ਹੈ ਅਤੇ ਗੁਰਦਾਸਪੁਰ ਦੇ ਵਿਧਾਇਕ ਪਾਹੜਾ ਨਾਲ ਥਾਣੇ ਵਿਚ ਕੋਈ ਬਦਸਲੂਕੀ ਨਹੀਂ ਕੀਤੀ ਗਈ ਇਸ ਦੀ ਸੀਸੀਟੀਵੀ ਵੀ ਹੈ।
- PTC NEWS