Virat Kohli ਨੇ ਰਾਮ ਰਹੀਮ ਤੋਂ ਲਿਆ ਸੀ 'ਗੁਰੂਮੰਤਰ'! ਡੇਰਾ ਮੁਖੀ ਦੇ ਦਾਅਵੇ ਨੇ ਛੇੜਿਆ ਵਿਵਾਦ
Virat Kohli news : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ (Dera Chief Ram Rahim) ਦੇ ਇੱਕ ਦਾਅਵੇ ਨੇ ਮੁੜ ਵਿਵਾਦ ਖੜਾ ਕਰ ਦਿੱਤਾ ਹੈ। ਰਾਮ ਰਹੀਮ ਨੇ ਇਹ ਦਾਅਵਾ ਭਾਰਤ ਦੇ ਆਈਕਨ ਕ੍ਰਿਕਟ ਵਿਰਾਟ ਕੋਹਲੀ ਨੂੰ ਲੈ ਕੇ ਕੀਤਾ ਹੈ, ਕਿ ਕੋਹਲੀ ਨੇ ਉਸ ਕੋਲੋਂ 'ਗੁਰੂਮੰਤਰ' ਲਿਆ ਸੀ।
ਸਾਧਵੀ ਯੋਸ਼ਨ ਸੋਸ਼ਣ ਅਤੇ ਕਤਲ ਦੇ ਮਾਲਿਆਂ 'ਚ ਸਜ਼ਯਾਫਤਾ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਉਨ੍ਹਾਂ ਤੋਂ ਅਧਿਆਤਮਿਕ ਮਾਰਗਦਰਸ਼ਨ (Gurumantra) ਪ੍ਰਾਪਤ ਕੀਤਾ ਸੀ। ਸਿਰਸਾ ਡੇਰੇ ਤੋਂ ਇੱਕ ਔਨਲਾਈਨ ਸੰਗਤ ਨੂੰ ਸੰਬੋਧਨ ਕਰਦੇ ਹੋਏ, ਰਾਮ ਰਹੀਮ ਨੇ ਕਿਹਾ ਕਿ ਵਿਰਾਟ ਕੋਹਲੀ 2010 ਵਿੱਚ ਡੇਰੇ ਵਿੱਚ ਆਇਆ ਸੀ ਅਤੇ ਇਸਤੋਂ ਪਹਿਲਾਂ 2007-08 ਵਿੱਚ ਉਸ ਕੋਲ ਆਇਆ ਸੀ।
ਡੇਰਾ ਮੁਖੀ ਨੇ ਕਿਹਾ, "ਕੋਹਲੀ ਨੇ ਬਾਅਦ ਵਿੱਚ ਗੁਰੂਮੰਤਰ ਲਿਆ। ਕਈ ਹੋਰ ਕ੍ਰਿਕਟਰਾਂ ਨੇ ਵੀ ਅਧਿਆਤਮਿਕ ਮਾਰਗਦਰਸ਼ਨ ਦੀ ਮੰਗ ਕੀਤੀ ਹੈ।" ਦਾਅਵੇ ਵਿੱਚ ਅੱਗੇ ਕਿਹਾ ਗਿਆ ਕਿ ਡੇਰੇ ਵਿੱਚ ਹੋਏ ਇੱਕ ਕ੍ਰਿਕਟ ਮੈਚ ਦੌਰਾਨ, ਕੁਝ ਪਾਕਿਸਤਾਨੀ ਖਿਡਾਰੀਆਂ ਨੇ ਮੁਸਲਮਾਨ ਹੋਣ ਦੇ ਬਾਵਜੂਦ ਵੀ ਡੇਰੇ ਦੀਆਂ ਸਿੱਖਿਆਵਾਂ ਦੀ ਪਾਲਣਾ ਕੀਤੀ।
ਦੱਸ ਦਈਏ ਕਿ ਰਾਮ ਰਹੀਮ ਪਹਿਲਾਂ ਵੀ ਇਸ ਤਰ੍ਹਾਂ ਦੇ ਦਾਅਵੇ ਕਰ ਚੁੱਕਾ ਹੈ। ਲਗਭਗ 8 ਸਾਲ ਪਹਿਲਾਂ, ਉਸ ਨੇ ਕਿਹਾ ਸੀ ਕਿ ਕੋਹਲੀ, ਜ਼ਹੀਰ ਖਾਨ, ਸ਼ਿਖਰ ਧਵਨ ਅਤੇ ਯੂਸਫ਼ ਪਠਾਨ ਵਰਗੇ ਖਿਡਾਰੀਆਂ ਨੇ ਉਸਦੇ ਅਧੀਨ ਸਿਖਲਾਈ ਲਈ ਸੀ। ਡੇਰਾ ਮੁਖੀ ਨੇ ਇਲਜ਼ਾਮ ਲਗਾਇਆ ਕਿ ਉਸਦੇ ਕੋਲ ਆਪਣੀ ਸਿਖਲਾਈ ਦੇ ਵੀਡੀਓ ਸਬੂਤ ਹਨ ਪਰ ਇਹ ਖਿਡਾਰੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਇਸਨੂੰ ਸਵੀਕਾਰ ਕਰੇ ਜਾਂ ਨਾ ਕਰੇ।
ਜ਼ਿਕਰਯੋਗ ਹੈ ਕਿ ਰਾਮ ਰਹੀਮ, ਮਹਿਲਾ ਪੈਰੋਕਾਰਾਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸਨੂੰ 28 ਜਨਵਰੀ ਨੂੰ 30 ਦਿਨਾਂ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ, ਸਰਕਾਰ ਨੇ ਉਸਨੂੰ ਸਿਰਸਾ ਡੇਰੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ, ਜਿੱਥੋਂ ਉਹ ਵਰਚੁਅਲ ਉਪਦੇਸ਼ ਦੇ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਡੇਰਾ ਮੁਖੀ ਦੀ ਪੈਰੋਲ ਨੇ ਵੀ ਰਾਜਨੀਤਿਕ ਅਟਕਲਾਂ ਨੂੰ ਜਨਮ ਦਿੱਤਾ ਹੈ, ਕਿਉਂਕਿ ਇਹ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਮੇਲ ਖਾਂਦਾ ਹੈ। ਇਸ ਤੋਂ ਇਲਾਵਾ, ਹਰਿਆਣਾ ਵੱਲੋਂ ਜਲਦੀ ਹੀ ਨਗਰ ਨਿਗਮ ਚੋਣਾਂ ਦਾ ਐਲਾਨ ਕਰਨ ਦੀ ਉਮੀਦ ਹੈ, ਜਿਸ ਨਾਲ ਉਸਦੀ ਪੈਰੋਲ ਦੇ ਸਮੇਂ 'ਤੇ ਚਿੰਤਾਵਾਂ ਪੈਦਾ ਹੋ ਗਈਆਂ ਹਨ।
- PTC NEWS