Dense Fog in Punjab : ਸਾਵਧਾਨ! ਧੁੰਦ ਦੀ ਚਾਦਰ 'ਚ ਲਿਪਟਿਆ ਪੰਜਾਬ, ਕਈ ਥਾਂਵਾਂ 'ਤੇ ਵਾਪਰ ਰਹੀਆਂ ਦੁਰਘਟਨਾਵਾਂ, ਜਾਣੋ ਮੌਸਮ ਦਾ ਹਾਲ
Punjab Weather News : ਉੱਤਰ ਭਾਰਤ 'ਚ ਮੌਸਮ ਲਗਾਤਾਰ ਠੰਢਾ ਹੁੰਦਾ ਜਾ ਰਿਹਾ ਹੈ। ਮੌਸਮ 'ਚ ਪੱਛਮੀ ਗੜਬੜੀਆਂ ਕਾਰਨ ਪੰਜਾਬ ਸਮੇਤ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ 'ਚ ਠੰਢ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ 'ਚ ਪਿਛਲੇ ਕੁੱਝ ਦਿਨਾਂ ਤੋਂ ਠੰਢ ਲਗਾਤਾਰ ਵੱਧ ਰਹੀ ਹੈ, ਜਿਸ ਪਿੱਛੋਂ ਹੁਣ ਧੁੰਦ ਨੇ ਵੀ ਸੂਬੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਧੁੰਦ ਕਾਰਨ ਪੰਜਾਬ 'ਚ ਕਈ ਥਾਂਵਾਂ 'ਤੇ ਸੜਕ ਦੁਰਘਟਨਾਵਾਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਆਵਾਜਾਈ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਹੈ।
ਵਾਹਨ ਚਲਾਉਂਦੇ ਸਮੇਂ ਵਰਤੋਂ ਸਾਵਧਾਨ! ਕਈ ਥਾਂਵਾਂ 'ਤੇ ਵਾਪਰ ਰਹੇ ਹਾਦਸੇ...
ਪੰਜਾਬ 'ਚ ਅੱਖ-ਮਿਚੋਲੀ ਦੀ ਖੇਡ ਖੇਡਦੀ ਆ ਰਹੀ ਧੁੰਦ ਨੇ ਸੂਬੇ ਭਰ 'ਚ ਅਸਰ ਵਿਖਾ ਦਿੱਤਾ ਹੈ। ਗੁਰੂ ਨਗਰੀ ਅੰਮ੍ਰਿਤਸਰ ਸਮੇਤ ਕਈ ਇਲਾਕਿਆਂ 'ਚ ਵਿਜੀਬਿਲਟੀ ਜ਼ੀਰੋ ਹੈ। ਸੂਬੇ ਭਰ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਵਾਜਾਈ ਦੀ ਰਫ਼ਤਾਰ ਪੂਰੀ ਤਰ੍ਹਾਂ ਮੱਠੀ ਪੈ ਗਈ ਹੈ।
ਸੰਘਣੀ ਧੁੰਦ ਕਾਰਨ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ 'ਤੇ ਪਿੰਡ ਰੁਲਦੂਵਾਲਾ ਨੇੜੇ ਭਿਆਨਕ ਹਾਦਸੇ 'ਚ ਟਰੱਕ 'ਤੇ ਕਾਰ ਦੀ ਟੱਕਰ ਹੋਈ, ਜਿਸ ਦੌਰਾਨ 4 ਵਿਅਕਤੀ ਕਾਰ ਸਵਾਰਾਂ ਦੇ ਸੱਟਾਂ ਵੱਜੀਆਂ। ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ।
ਇਸੇ ਤਰ੍ਹਾਂ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂ.ਪੀ. ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਸਲਿਪਰ ਬੱਸ ਵਿਚ ਅੰਬੇਡਕਰ ਚੌਂਕ ਦੇ ਉਪਰ ਫਲਾਈ ਓਵਰ ਤੇ ਇਹ ਹਾਦਸਾ ਵਾਪਰਿਆ, ਜਿੱਥੇ ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਹੜਕੰਪ ਮਚ ਗਿਆ। ਯੂ.ਪੀ. ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ, ਤੇ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ। ਦੁਰਘਟਨਾ ਦੇ ਕਾਰਨ ਬੱਸ ਹਾਈਵੇ ਫਲਾਈਓਵਰ 'ਤੇ ਲਟਕੀ ਰਹੀ। ਹਾਦਸੇ ਤੋਂ ਬਾਅਦ ਟ੍ਰੈਫ਼ਿਕ ਵਿੱਚ ਰੁਕਾਵਟ ਆਈ।
ਰਾਜਪੁਰਾ 'ਚ ਸੰਘਣੀ ਧੁੰਦ ਕਾਰਨ ਚੰਡੀਗੜ੍ਹ ਰੋਡ 'ਤੇ ਕਾਰ, ਟੈਂਪੂ ਅਤੇ ਆਈਸ਼ਰ ਟਰੱਕ ਦੀ ਹੋਈ ਟੱਕਰ ਹੋ ਗਈ। ਟੱਕਰ ਕਾਰਨ ਤਿੰਨਾਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ। ਰਾਜਪੁਰਾ-ਚੰਡੀਗੜ੍ਹ ਰੋਡ 'ਤੇ ਟੱਕਰ ਕਾਰਨ ਕਈ ਘੰਟੇ ਜਾਮ ਵੀ ਲੱਗਿਆ ਰਿਹਾ।
ਕਿਹੋ ਜਿਹਾ ਰਹੇਗਾ ਆਗਾਮੀ ਦਿਨਾਂ ਦੌਰਾਨ ਮੌਸਮ
ਪੰਜਾਬ 'ਚ ਲੋਹੜੀ ਦਾ ਤਿਉਹਾਰ ਨਜ਼ਦੀਕ ਹੈ ਅਤੇ ਧੁੰਦ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਵੀ ਅਗਲੇ ਦੋ ਦਿਨਾਂ ਦੌਰਾਨ ਪੰਜਾਬ ਸਮੇਤ ਚੰਡੀਗੜ੍ਹ 'ਚ ਜਿਥੇ ਧੁੰਦ ਦੀ ਸੰਭਾਵਨਾ ਜਤਾਈ ਗਈ ਹੈ, ਉਥੇ ਹੀ ਕਈ ਇਲਾਕਿਆਂ 'ਚ ਬੱਦਲਵਾਈ ਰਹਿਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਹਾਲਾਕਿ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਤਾਂ ਨਹੀਂ ਜਾਰੀ ਕੀਤਾ ਗਿਆ, ਪਰ ਮੌਸਮ ਵਿਗਿਆਨ ਕੇਂਦਰ ਅਨੁਸਾਰ 11-12 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਧੁੰਦ ਤੋਂ ਤਾਂ ਰਾਹਤ ਮਿਲ ਸਕਦੀ ਹੈ, ਪਰ ਠੰਢ 'ਚ 2-3 ਡਿਗਰੀ ਹੋਰ ਵੱਧ ਸਕਦੀ ਹੈ।
- PTC NEWS