Dense Fog Accident : ਪੰਜਾਬ 'ਚ ਧੁੰਦ ਦਾ ਕਹਿਰ, ਵੱਖ-ਵੱਖ ਥਾਂਵਾਂ 'ਤੇ 5 ਲੋਕਾਂ ਦੀ ਮੌਤ, ਦੋ ਦਰਜਨ ਤੋਂ ਵੱਧ ਜ਼ਖ਼ਮੀ, ਕਈ ਵਾਹਨ ਨੁਕਸਾਨੇ
Punjab Accident due to Dense Fog : ਪੰਜਾਬ 'ਚ ਧੁੰਦ ਕਾਰਨ ਕਈ ਥਾਂਵਾਂ 'ਤੇ ਹਾਦਸੇ ਵਾਪਰਨ ਦੀਆਂ ਘਟਨਾਵਾਂ ਹਨ, ਜਿਨ੍ਹਾਂ 'ਚ ਕਈ ਥਾਂਵਾਂ 'ਤੇ ਵਾਹਨਾਂ ਦੇ ਭਾਰੀ ਨੁਕਸਾਨ ਹੋਣ, ਜਦਕਿ ਕੁੱਝ ਇੱਕ ਥਾਂਵਾਂ 'ਤੇ ਕੀਮਤੀ ਜਾਨਾਂ ਜਾਣ ਦੀਆਂ ਖ਼ਬਰਾਂ ਵੀ ਹਨ। ਧੁੰਦ ਕਾਰਨ ਵੱਖ ਵੱਖ ਥਾਂਵਾਂ 'ਤੇ ਵਾਪਰੇ ਸੜਕੀ ਹਾਦਸਿਆਂ 'ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 2 ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਇਸ ਇਲਾਵਾ ਕਈ ਵਾਹਨਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਵੀ ਹੋਇਆ ਹੈ।
ਸੰਗਰੂਰ ਅਤੇ ਬਰਨਾਲਾ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨ ਭਰ ਜ਼ਖ਼ਮੀ ਹੋ ਗਏ ਹਨ। ਦੋਵਾਂ ਜ਼ਿਲ੍ਹਿਆਂ 'ਚ ਵਿਜ਼ੀਬਿਲਟੀ ਜ਼ੀਰੋ ਹੋਣ ਕਾਰਨ ਕਈ ਵਾਹਨ ਇੱਕ-ਦੂਜੇ ਵਿੱਚ ਟਕਰਾਏ। ਇਸੇ ਤਰ੍ਹਾਂ ਸਮਾਣਾ, ਬਠਿੰਡਾ, ਸਮਰਾਲਾ, ਨਾਭਾ ਆਦਿ ਥਾਂਵਾਂ 'ਤੇ ਵੀ ਹਾਦਸਿਆਂ ਦੀਆਂ ਖ਼ਬਰਾਂ ਹਨ।
ਬਰਨਾਲਾ 'ਚ ਇੱਕ-ਦੂਜੇ 'ਚ ਵੱਜੇ 5 ਵਾਹਨ, ਇੱਕ ਕੁੜੀ ਦੀ ਮੌਤ
ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਪਿੰਡ ਵਜੀਦਕੇ ਨੇੜੇ ਭਿਆਨਕ ਸੜਕ ਹਾਦਸੇ 'ਚ ਇੱਕ ਨੌਜਵਾਨ ਲੜਕੀ ਦੀ ਮੌਤ, ਜਦਕਿ ਵੱਡੀ ਗਿਣਤੀ 'ਚ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੌਰਾਨ ਇੱਟਾਂ ਨਾਲ ਲੱਦੀ ਇੱਕ ਟਰੈਕਟਰ ਟਰਾਲੀ, ਇੱਕ ਟਰਾਲੀ ਟਰੱਕ, ਸਵਾਰੀਆਂ ਨਾਲ ਲੱਦੀ ਇੱਕ ਪੀ.ਆਰ.ਟੀ.ਸੀ ਬੱਸ, ਕਾਰਾਂ ਅਤੇ ਵਾਹਨਾਂ ਸਮੇਤ ਪੰਜ ਦੇ ਕਰੀਬ ਵਾਹਨ ਆਪਸ ਵਿੱਚ ਟਕਰਾ ਗਏ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ, ਜਿਸ 'ਚ ਕਈ ਵਾਹਨ ਆਪਸ 'ਚ ਟਕਰਾ ਗਏ ਹਨ, ਜਿਸ 'ਚ ਕਰੀਬ 7 ਮਰੀਜ਼ ਸਰਕਾਰੀ ਹਸਪਤਾਲ 'ਚ ਦਾਖਲ ਹਨ ਅਤੇ ਕੁਝ ਮਰੀਜ਼ ਨਿੱਜੀ ਹਸਪਤਾਲਾਂ 'ਚ ਵੀ ਦਾਖਲ ਹਨ। ਜਾਣਕਾਰੀ ਅਨੁਸਾਰ ਹਾਦਸੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਦੀ ਰਹਿਣ ਵਾਲੀ ਇੱਕ ਕੁੜੀ ਅਨੁਪ੍ਰਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਸ਼ਹਿਰ ਦੇ ਇੱਕ ਕਾਲਜ ਵਿੱਚ ਲੈਕਚਰਾਰ ਸੀ ਅਤੇ ਡਿਊਟੀ 'ਤੇ ਜਾ ਰਹੀ ਸੀ।
ਨਾਭਾ 'ਚ ਧੁੰਦ ਕਾਰਨ ਟੋਭੇ 'ਚ ਡਿੱਗੀ ਕਾਰ, 3 ਨੌਜਵਾਨਾਂ ਦੀ ਮੌਤ
ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਵਿਖੇ ਧੁੰਦ ਦੇ ਕਹਿਰ ਨੇ ਪਰਿਵਾਰ ਦੇ ਤਿੰਨ ਚਿਰਾਗ ਬੁਝਾ ਦਿੱਤੇ। ਬੀਤੀ ਰਾਤ ਜਦੋਂ 8:30 ਵਜੇ 5 ਨੌਜਵਾਨ ਜੈਨ ਕਾਰ ਤੇ ਸਵਾਰ ਹੋ ਕੇ ਘਰ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਨੌਜਵਾਨ ਉਤਰ ਕੇ ਮੋਬਾਇਲ ਦੀ ਟੋਰਚ ਨਾਲ ਰਸਤਾ ਵਿਖਾਉਣ ਲੱਗ ਪਿਆ। ਪਰ ਧੁੰਦ ਇਨੀ ਜਿਆਦਾ ਸੀ ਕਿ ਕਾਰ ਪਿੰਡ ਦੇ ਟੋਬੇ ਵਿੱਚ ਹੀ ਡਿੱਗ ਪਈ ਅਤੇ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਇੱਕ ਨੌਜਵਾਨ ਨੂੰ ਮੌਕੇ ਤੇ ਕੱਢ ਲਿਆ ਗਿਆ ਅਤੇ ਤਿੰਨ ਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਹਿਲੀ ਫੋਟੋ - ਮ੍ਰਿਤਕ ਕਮਲਪ੍ਰੀਤ ਉਮਰ 18 ਸਾਲ ਜੋ 2 ਦਾ ਵਿਦਿਆਰਥੀ ਸੀ, ਦੂਜਾ ਨੌਜਵਾਨ ਹਰਦੀਪ ਸਿੰਘ 30 ਸਾਲਾਂ ਦਾ ਨੌਜਵਾਨ ਜੋ ਨੇਵੀ ਵਿੱਚ ਸੀ ਅਤੇ ਤੀਸਰਾ ਨੌਜਵਾਨ ਇੰਦਰਜੋਤ ਸਿੰਘ ਜਿਸ ਦੀ ਉਮਰ 23 ਸਾਲਾਂ ਦੀ ਸੀ ਜੋ ਵੇਰਕਾ ਮਿਲਕ ਪਲਾਂਟ ਵਿਖੇ ਕੰਮ ਕਰਦਾ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਸਮਾਣਾ 'ਚ ਦੋ ਕਾਰਾਂ ਦੀ ਟੱਕਰ, 2 ਨੌਜਵਾਨ ਜ਼ਖ਼ਮੀ
ਸਮਾਣਾ-ਪਾਤੜਾ ਸੜਕ 'ਤੇ ਪਿੰਡ ਮਵੀ ਦੇ ਨੇੜੇ ਦੋ ਕਾਰਾਂ ਆਹਮਣੇ ਸਾਹਮਣੇ ਭਾਰੀ ਧੁੰਦ ਦੇ ਵਿੱਚ ਟਕਰਾ ਗਈ, ਜਿਸ ਦੇ ਵਿੱਚ ਦੋ ਨੌਜਵਾਨ ਗੰਭੀਰ ਜਖਮੀ ਹੋਇਆ। ਯਾਦਵਿੰਦਰ ਨਾਮ ਦਾ ਇੱਕ ਨੌਜਵਾਨ ਸਮਾਣਾ ਤੋਂ ਘੱਗਾ ਦੇ ਨੇੜੇ ਪਿੰਡ ਤਾਲਾਂ ਜਾ ਰਿਹਾ ਸੀ, ਜਦਕਿ ਦੂਜਾ ਕਾਰ ਸਵਾਰ ਜੋਬਨਦੀਪ ਸਿੰਘ ਪਿੰਡ ਮੁਨਸੀਵਾਲਾ ਤੋਂ ਸਮਾਣਾ ਦੀ ਤਰਫ ਆ ਰਿਹਾ ਸੀ। ਦੋਵਾਂ ਕਾਰਾਂ ਦੀ ਧੁੰਦ ਕਾਰਨ ਟੱਕਰ ਹੋ ਗਈ। ਦੋਵਾਂ ਨੋਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਮਰਾਲਾ 'ਚ 4 ਨੌਜਵਾਨ ਜ਼ਖ਼ਮੀ
ਸਮਰਾਲਾ ਦੇ ਨਜ਼ਦੀਕ ਘੁਲਾਲ ਟੋਲ ਪਲਾਜ਼ਾ 'ਤੇ ਸਵੇਰੇ ਸੰਘਣੀ ਧੁੰਦ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ, ਜਿਸ ਵਿੱਚ ਦੋ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਅਤੇ ਇਸ ਹਾਦਸੇ ਵਿੱਚ 4 ਵਿਅਕਤੀ ਜਖਮੀ ਹੋ ਗਏ ਜਿਨਾਂ ਵਿੱਚ 2 ਗੰਭੀਰ ਰੂਪ 'ਚ ਜਖਮੀ ਹੋ ਗਏ। ਜਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੰਘਣੀ ਧੁੰਦ 'ਚ ਚੰਡੀਗੜ੍ਹ ਤੋਂ ਆ ਰਹੀ ਦੋ ਗੱਡੀਆਂ ਦੋਨੋ ਗੱਡੀਆਂ ਵਿੱਚ 4-4 ਵਿਅਕਤੀ ਸਵਾਰ ਸਨ ਜਦੋਂ ਗੱਡੀ ਸਮਰਾਲਾ ਨੇੜੇ ਘੁਲਾਲ ਟੋਲ ਪਲਾਜਾ ਪਹੁੰਚੀ ਤਾਂ ਟੋਲ ਪਲਾਜ਼ਾ ਦੀ ਇੱਕ ਹੀ ਪਾਸਿੰਗ ਲਾਈਨ ਚੱਲ ਰਹੀ ਸੀ ਬਾਕੀ ਲਾਈਨਾਂ ਦੇ ਅੱਗੇ ਬੈਰੀਕੇਡ ਲੱਗੇ ਹੋਏ ਸਨ ਕਾਰ ਚਾਲਕਾਂ ਵੱਲੋਂ ਲੱਗੇ ਬੈਰੀਕੇਡ ਤੋਂ ਗੱਡੀ ਬਚਾਉਣ ਦੇ ਕਾਰਨ ਗੱਡੀ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹਾਦਸਾ ਹੋ ਗਿਆ ਅਤੇ ਦੂਸਰੀ ਗੱਡੀ ਵੀ ਟੋਲ ਪਲਾਜ਼ਾ ਤੇ ਟਕਰਾ ਗਈ।
- PTC NEWS