Delhi Pollution Update : ਭਲਕੇ ਤੋਂ ਦਿੱਲੀ-ਐਨਸੀਆਰ ਵਿੱਚ ਗ੍ਰੇਪ-4 ਪਾਬੰਦੀਆਂ; ਇਨ੍ਹਾਂ ਵਾਹਨਾਂ ਦੀ ਐਂਟਰੀ ’ਤੇ ਲੱਗੇਗੀ ਰੋਕ
Delhi Pollution Update : ਗ੍ਰੇਪ-4 ਤਹਿਤ ਪ੍ਰਦੂਸ਼ਣ ਰੋਕੂ ਪਾਬੰਦੀਆਂ ਸੋਮਵਾਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਲਾਗੂ ਹੋ ਜਾਣਗੀਆਂ। ਦਿੱਲੀ ਐਨਸੀਆਰ 'ਚ ਪ੍ਰਦੂਸ਼ਣ ਦੀ ਸਥਿਤੀ ਨੂੰ ਦੇਖਦੇ ਹੋਏ ਗ੍ਰੇਪ ਕਮੇਟੀ ਨੇ ਚੌਥੇ ਪੜਾਅ 'ਤੇ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪਾਬੰਦੀਆਂ ਕਾਰਨ ਵੱਡੇ ਵਾਹਨਾਂ ਦੇ ਦਾਖਲੇ 'ਤੇ ਵੀ ਪਾਬੰਦੀ ਰਹੇਗੀ। ਨਿਰਮਾਣ ਕਾਰਜਾਂ 'ਤੇ ਵੀ ਪਾਬੰਦੀਆਂ ਹੋਣਗੀਆਂ। ਕਿਹਾ ਜਾ ਰਿਹਾ ਹੈ ਕਿ ਪ੍ਰਦੂਸ਼ਣ ਦੇ ਲਗਾਤਾਰ ਵੱਧ ਰਹੇ ਰੁਝਾਨ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਸਮੇਂ ਦਿੱਲੀ ਦੇ 13 ਖੇਤਰਾਂ ਵਿੱਚ ਏਕਿਉਆਈ 450 ਅੰਕਾਂ ਨੂੰ ਪਾਰ ਕਰ ਗਿਆ ਹੈ।
ਇਸ ਸਮੇਂ ਦਿੱਲੀ 'ਚ ਪ੍ਰਦੂਸ਼ਣ ਆਪਣੇ ਸਭ ਤੋਂ ਡਰਾਉਣੇ ਪੜਾਅ 'ਤੇ ਪਹੁੰਚ ਗਿਆ ਹੈ। ਐਤਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ ਅਤੇ ਸ਼ਾਮ 4 ਵਜੇ ਔਸਤ ਏਕਿਉਆਈ 441 ਅੰਕ ਦਰਜ ਕੀਤਾ ਗਿਆ। ਇਸ ਨਾਲ ਦਿੱਲੀ ਦੇਸ਼ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ।
ਸੀਪੀਸੀਬੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਹਰਿਆਣਾ ਦੇ ਬਹਾਦਰਗੜ੍ਹ ਵਿੱਚ ਸਭ ਤੋਂ ਵੱਧ 445 ਏਕਿਉਆਈ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਦਿੱਲੀ ਵਿੱਚ ਏਕਿਉਆਈ 441, ਹਰਿਆਣਾ ਦੇ ਭਿਵਾਨੀ ਵਿੱਚ 415 ਅਤੇ ਰਾਜਸਥਾਨ ਦੇ ਬੀਕਾਨੇਰ ਵਿੱਚ 404 ਸੀ।
ਦਿੱਲੀ ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਵਾਲੇ ਕੇਂਦਰ ਸਰਕਾਰ ਦੇ ਪੈਨਲ ਨੇ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚਣ ਤੋਂ ਬਾਅਦ 18 ਨਵੰਬਰ ਤੋਂ ਗ੍ਰੇਪ 4 ਪੜਾਅ ਦੀਆਂ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਹੈ।
ਗ੍ਰੇਪ ਦੇ ਚੌਥੇ ਪੜਾਅ ਦੇ ਤਹਿਤ, ਦਿੱਲੀ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਮੱਧਮ ਅਤੇ ਭਾਰੀ ਮਾਲ ਵਾਹਨਾਂ (BS-IV ਜਾਂ ਹੇਠਾਂ) 'ਤੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ, ਜ਼ਰੂਰੀ ਸਾਮਾਨ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Weather Update : ਲਓ ਆ ਗਈ ਠੰਢ; ਪੰਜਾਬ, ਯੂਪੀ, ਬਿਹਾਰ ਸਣੇ ਇਨ੍ਹਾਂ ਸੂਬਿਆਂ ਲਈ IMD ਨੇ ਦਿੱਤੀ ਚਿਤਾਵਨੀ
- PTC NEWS