Delhi Kooch Protest : 'ਦਿੱਲੀ ਕੂਚ' ਅੰਦੋਲਨ 'ਚ ਪਹਿਲੇ ਕਿਸਾਨ ਦੀ ਹੋਈ ਮੌਤ, ਚਾਰ ਦਿਨਾਂ ਤੋਂ ਜ਼ਿੰਦਗੀ ਮੌਤ ਨਾਲ ਲੜ ਰਿਹਾ ਸੀ ਯੋਧਾ
Shambhu Border News : ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਦੇ ਦਿੱਲੀ ਕੂਚ ਅੰਦੋਲਨ ਦੇ ਪਹਿਲੇ ਕਿਸਾਨ ਦੀ ਸਿਵਲ ਹਸਪਤਾਲ ਪਟਿਆਲਾ 'ਚ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਰਣਜੋਧ ਸਿੰਘ ਯੋਧਾ, ਖੰਨਾ ਦੇ ਰਤਨਹੇੜੀ ਪਿੰਡ ਦਾ ਦੱਸਿਆ ਜਾ ਰਿਹਾ ਹੈ।
ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਯੋਧਾ ਸਿੰਘ, ਉਨ੍ਹਾਂ ਦੀ ਜਥੇਬੰਦੀ ਦਾ ਮੈਂਬਰ ਸੀ, ਜੋ 13 ਫਰਵਰੀ ਤੋਂ ਹੀ ਕਿਸਾਨਾਂ ਦਾ ਸਾਥ ਨਿਭਾ ਰਿਹਾ ਸੀ ਅਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ, ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ 'ਚ ਸੀ ਅਤੇ ਹੁਣ ਹਰਿਆਣਾ ਸਰਕਾਰ ਵੱਲੋਂ ਦਿੱਲੀ ਕੂਚ ਦੌਰਾਨ 101 ਕਿਸਾਨਾਂ ਦੇ ਜੱਥਿਆਂ 'ਤੇ ਤਸ਼ੱਦਦ ਨੂੰ ਲੈ ਕੇ ਹੋਰ ਪ੍ਰੇਸ਼ਾਨ ਹੋ ਗਿਆ ਸੀ।
ਕਿਸਾਨ ਆਗੂਆਂ ਨੇ ਦੱਸਿਆ ਕਿ 14 ਦਸੰਬਰ ਨੂੰ ਰਣਜੋਧ ਸਿੰਘ ਸ਼ੰਭੂ ਬਾਰਡਰ 'ਤੇ ਸਟੇਜ ਨਜ਼ਦੀਕ ਡਿੱਗਿਆ ਹੋਇਆ ਮਿਲਿਆ, ਜਿਸ ਨੇ ਸਲਫਾਸ ਨਿਗਲ ਲਈ ਸੀ। ਪਹਿਲਾਂ ਕਿਸਾਨ ਨੂੰ ਰਾਜਪੁਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰੰਤੂ ਗੰਭੀਰ ਹਾਲਤ ਦੇ ਚਲਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ 4 ਦਿਨ ਜ਼ਿੰਦਗੀ-ਮੌਤ ਦੀ ਲੜਾਈ ਲੜਦਿਆਂ ਕਿਸਾਨ ਅਖੀਰ ਦਮ ਤੋੜ ਗਿਆ।
'ਇਹ ਕੋਈ 'ਨੈਚੁਰਲ ਡੈਥ' ਨਹੀਂ'
ਹਸਪਤਾਲ ਪਹੁੰਚੇ ਕਿਸਾਨ ਆਗੂ ਨੇ ਕਿਹਾ ਕਿ ਮ੍ਰਿਤਕ ਕਿਸਾਨ ਦੀ ਮੌਤ ਕੋਈ 'ਨੈਚੁਰਲ ਡੈਥ' ਨਹੀਂ ਹੈ। ਉਸ ਨੇ ਆਪਣੇ ਕਿਸਾਨਾਂ ਉਪਰ ਤਸ਼ੱਦਦ ਨੂੰ ਵੇਖਦਿਆਂ ਇਹ ਖੌਫਨਾਕ ਕਦਮ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਰਣਜੋਧ ਸਿੰਘ ਦਾ ਪੋਸਟ ਮਾਰਟਮ ਨਹੀਂ ਹੋਣ ਦੇਣਗੇ, ਜਦੋਂ ਤੱਕ ਪ੍ਰਸ਼ਾਸਨ ਸਾਡੇ ਨਾਲ ਗੱਲ ਨਹੀਂ ਕਰਦਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਰਣਜੋਧ ਸਿੰਘ ਦੇ ਇੱਕ ਮੁੰਡਾ ਤੇ ਕੁੜੀ ਹਨ। ਮੁੰਡਾ ਅਜੇ ਅਣਵਿਆਹਿਆ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਕਿਸਾਨ ਲਈ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
- PTC NEWS