ਮੋਹਾਲੀ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ RPG ਹਮਲੇ ਦਾ ਮੁੱਖ ਸ਼ੂਟਰ ਦੀਪਕ ਰੰਗਾ ਗ੍ਰਿਫ਼ਤਾਰ
ਮੁਹਾਲੀ : ਕੌਮੀ ਜਾਂਚ ਏਜੰਸੀ (NIA) ਨੇ ਮਈ 2022 ਵਿੱਚ ਮੁਹਾਲੀ 'ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ-ਪ੍ਰੋਪੇਲਡ ਗ੍ਰੇਨੇਡ ਹਮਲੇ ਦੇ ਮੁੱਖ ਸ਼ੂਟਰ ਦੀਪਕ ਰੰਗਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਜਾਂਚ ਏਜੰਸੀ ਨੇ ਅੱਜ ਦੱਸਿਆ ਕਿ ਦੀਪਕ ਰੰਗਾ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਤੇ ਪਾਕਿਸਤਾਨ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਕਰੀਬੀ ਸਾਥੀ ਹੈ।
ਦੀਪਕ ਰੰਗਾ ਰਾਕੇਟ-ਪ੍ਰੋਪੇਲਡ ਗ੍ਰਨੇਡ ਹਮਲੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਲਾਵਾ ਹਿੰਸਕ ਕਤਲਾਂ ਸਮੇਤ ਕਈ ਹੋਰ ਹਿੰਸਕ ਅੱਤਵਾਦੀ ਅਤੇ ਅਪਰਾਧਿਕ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਰਿੰਦਾ ਅਤੇ ਲੰਡਾ ਨੇ ਸਰਗਰਮੀ ਨਾਲ ਉਸਨੂੰ ਅੱਤਵਾਦੀ ਫੰਡਿੰਗ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਹੈ। ਕਾਬਿਲੇਗੌਰ ਹੈ ਕਿ 9 ਮਈ, 2022 ਦੀ ਰਾਤ ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਦੇ ਹੈੱਡਕੁਆਰਟਰ 'ਤੇ ਆਰਪੀਜੀ ਹਮਲਾ ਕੀਤਾ ਗਿਆ ਸੀ, ਜਿਸ ਨਾਲ ਇਮਾਰਤ ਦੀ ਇਕ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਚੂਰ-ਚੂਰ ਹੋ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਜਾਰੀ, ਚੈਕ ਕਰੋ ਪੇਪਰਾਂ ਦਾ ਪੂਰਾ ਵੇਰਵਾ
ਪੰਜਾਬ ਪੁਲਿਸ ਨੇ ਇਸ ਮਾਮਲੇ 'ਚ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਵਿਚਾਲੇ ਗਠਜੋੜ ਵੱਲ ਇਸ਼ਾਰਾ ਕੀਤਾ ਸੀ। ਡੀਜੀਪੀ ਨੇ ਮੀਡੀਆ ਨੂੰ ਦੱਸਿਆ ਸੀ ਕਿ ਧਮਾਕੇ ਪਿੱਛੇ ਆਈਐਸਆਈ ਦਾ ਹੱਥ ਹੋਣ ਦਾ ਸ਼ੱਕ ਹੈ। ਮੋਹਾਲੀ ਪੁਲਿਸ ਨੇ ਇਕ ਬਿਆਨ 'ਚ ਕਿਹਾ ਸੀ ਕਿ ''ਸ਼ਾਮ 7.45 ਵਜੇ, ਸੈਕਟਰ 77, ਐਸਏਐਸ ਨਗਰ 'ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਕੰਪਲੈਕਸ 'ਚ ਇਕ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ। ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੋਈ ਸੀ।"
- PTC NEWS