ਮੋਰਬੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 141, 70 ਜ਼ਖਮੀ, 50 ਤੋਂ ਵੱਧ ਲਾਪਤਾ
ਗੁਜਰਾਤ: ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੱਛੂ ਨਦੀ ਵਿੱਚ ਬਣੇ ਕੇਬਲ ਪੁਲ ਦੇ ਅਚਾਨਕ ਟੁੱਟਣ ਕਾਰਨ ਕਈ ਲੋਕ ਦਰਿਆ ਵਿੱਚ ਡਿੱਗ ਗਏ। ਮੋਰਬੀ ਦੇ ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ। ਜ਼ਖਮੀਆਂ ਦੀ ਗਿਣਤੀ 70 ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਾਕੀ ਬਚੇ ਲੋਕਾਂ ਨੂੰ ਨਦੀ 'ਚੋਂ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਵੀ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਪੁਲ ਨੂੰ ਹਾਲ ਹੀ ਵਿੱਚ ਨਵੀਨੀਕਰਨ ਤੋਂ ਬਾਅਦ ਚਾਲੂ ਕੀਤਾ ਗਿਆ ਸੀ।
ਸੂਬੇ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਹਸਪਤਾਲ ਪੁੱਜੇ ਅਤੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੁਲ ਦੇ ਡਿੱਗਣ ਤੋਂ ਬਾਅਦ ਸਮੀਖਿਆ ਮੀਟਿੰਗ ਵੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਥਿਤੀ ਦਾ ਜਾਇਜ਼ਾ ਲਿਆ ਗਿਆ। ਘਟਨਾ ਦੀ ਜਾਂਚ ਲਈ ਐਸਆਈਟੀ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਮੋਰਬੀ ਦਾ ਇਹ ਇਤਿਹਾਸਕ ਪੁਲ ਮਹਾਰਾਜਾ ਵਾਘਜੀ ਠਾਕੋਰ ਨੇ 1887 ਵਿੱਚ ਬਣਵਾਇਆ ਸੀ। ਇਸ ਪੁਲ ਦੀ ਕੁੱਲ ਲੰਬਾਈ 765 ਫੁੱਟ ਅਤੇ ਚੌੜਾਈ 4.5 ਫੁੱਟ ਹੈ। ਕਿਹਾ ਜਾਂਦਾ ਹੈ ਕਿ ਮਹਾਰਾਜਾ ਇਸ ਪੁਲ ਦੀ ਵਰਤੋਂ ਮਹਿਲ ਤੋਂ ਸ਼ਾਹੀ ਦਰਬਾਰ ਤੱਕ ਜਾਣ ਲਈ ਕਰਦੇ ਸਨ।