ਚੰਡੀਗੜ੍ਹ: ਪੰਜਾਬ ਵਿੱਚ ਏ-ਕੈਟਾਗਰੀ ਦੇ ਗੈਂਗਸਟਰ ਤੀਰਥ ਢਿੱਲਵਾਂ ਦੀ ਬੀਤੀ ਰਾਤ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ। ਢਿਲਵਾਂ ਬ੍ਰੇਨ ਹੈਮਰੇਜ ਤੋਂ ਪੀੜਤ ਸਨ। ਉਹ ਕੁਝ ਦਿਨਾਂ ਤੋਂ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਸੀ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤੀਰਥ ਢਿੱਲਵਾਂ ਦਾ ਅੰਤਿਮ ਸੰਸਕਾਰ ਭਲਕੇ 20 ਜਨਵਰੀ ਨੂੰ ਫਰੀਦਕੋਟ ਵਿਖੇ ਕੀਤਾ ਜਾਵੇਗਾ।ਤੀਰਥ ਢਿੱਲਵਾਂ ਕਥਿਤ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਗੈਂਗਸਟਰ ਸੁੱਖਾ ਕਾਹਵਾਂ ਅਤੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਜਸਵਿੰਦਰ ਸਿੰਘ ਰਾਊਕੀ ਦੇ ਕਤਲ ਵਿੱਚ ਸ਼ਾਮਿਲ ਸੀ। ਗੌਂਡਰ ਅਤੇ ਜੈਪਾਲ ਗੈਂਗ ਦੇ ਮੁੱਖ ਗੈਂਗਸਟਰ ਤੀਰਥ ਸਿੰਘ ਢਿੱਲਵਾਂ ਨੂੰ ਪੰਜਾਬ ਪੁਲਿਸ ਨੇ 3 ਮਾਰਚ 2018 ਨੂੰ ਗ੍ਰਿਫਤਾਰ ਕੀਤਾ ਸੀ।ਗੈਂਗਸਟਰ ਤੀਰਥ ਢਿੱਲਵਾਂ ਕਬੱਡੀ ਦਾ ਸਰਵੋਤਮ ਖਿਡਾਰੀ ਸੀ। ਉਹ ਕਬੱਡੀ ਦੇ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ। ਨਵੰਬਰ 2010 ਵਿੱਚ ਤੀਰਥ ਨੇ ਆਪਣੇ ਜੀਜਾ ਮਨਦੀਪ ਦਾ ਕਤਲ ਕਰ ਦਿੱਤਾ ਸੀ। ਜੀਜਾ ਮਨਦੀਪ ਬਹੁਤ ਪੀਂਦਾ ਸੀ। ਉਹ ਸ਼ਰਾਬ ਪੀ ਕੇ ਤੀਰਥ ਦੀ ਭੈਣ ਦੀ ਕੁੱਟਮਾਰ ਕਰਦਾ ਸੀ, ਜਿਸ ਕਾਰਨ ਤੀਰਥ ਨੇ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਤੀਰਥ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।