ਭਾਰਤੀ ਕ੍ਰਿਕਟ ਟੀਮ ਅੰਡਰ-19 ਲਈ ਚੁਣੀ ਗਈ ਮੰਨਤ ਕਸ਼ਅਪ ਨੂੰ ਡੀਸੀ ਨੇ ਦਿੱਤੀਆਂ ਸ਼ੁਭਕਾਮਨਾਵਾਂ
ਪਟਿਆਲਾ: ਪਟਿਆਲਾ ਦੀ ਬੇਟੀ ਮੰਨਤ ਕਸ਼ਅਪ ਦੀ ਚੋਣ ਕ੍ਰਿਕਟ ਅੰਡਰ-19 ਲਈ ਭਾਰਤੀ ਟੀਮ ਵਿੱਚ ਹੋਣ ਨਾਲ ਜਿੱਥੇ ਮੰਨਤ ਦੇ ਮਾਪਿਆਂ ਦਾ ਸਿਰ ਉਚਾ ਹੋਇਆ ਹੈ, ਉਥੇ ਹੀ ਇਹ ਪਟਿਆਲਾ ਜ਼ਿਲ੍ਹੇ ਦੇ ਸਮੁੱਚੇ ਵਸਨੀਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਵੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਸਾਕਸ਼ੀ ਸਾਹਨੀ ਨੇ ਮੰਨਤ ਕਸ਼ਅਪ ਨੂੰ ਸ਼ੁੱਭਕਾਮਨਾਵਾਂ ਦਿੱਤੀਆ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖਿਡਾਰੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਉਥੇ ਹੀ ਖੇਡ ਸੱਭਿਆਚਾਰ ਨੂੰ ਵੀ ਪ੍ਰਫੁਲਤ ਕਰ ਰਹੀ ਹੈ।
ਸਾਕਸ਼ੀ ਸਾਹਨੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਲੋਨੀ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਮੰਨਤ ਕਸ਼ਅਪ ਨੂੰ ਵਧਾਈ ਦਿੰਦਿਆਂ ਅਗਲੇ ਖੇਡ ਟੂਰਨਾਮੈਂਟ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੰਦਿਆਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਸਦੀ ਹਰ ਸੰਭਵ ਮਦਦ ਕਰੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਨਤ ਕਸ਼ਅਪ ਨੇ ਜਿੱਥੇ ਦੇਸ਼ ਦੀ ਟੀਮ 'ਚ ਆਪਣਾ ਸਥਾਨ ਬਣਾ ਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ, ਉਥੇ ਹੀ ਉਹ ਸਾਡੇ ਪਟਿਆਲਾ ਜ਼ਿਲ੍ਹੇ ਲਈ ਵੀ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਮੁਹਿੰਮ ਦੀ ਰੋਲ ਮਾਡਲ ਵੀ ਬਣ ਗਈ ਹੈ।
ਮੰਨਤ ਕਸ਼ਅਪ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ, ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿੱਤੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ। ਇਸ ਮੌਕੇ ਮੰਨਤ ਦੇ ਪਿਤਾ ਸੰਜੀਵ ਕਸ਼ਅਪ, ਕੋਚ ਜੂਹੀ ਜੈਨ ਤੇ ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜਦਾਨ ਵੀ ਮੌਜੂਦ ਸਨ।
- PTC NEWS