ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਿਲੇਗਾ 5-5 ਲੱਖ ਰੁਪਏ ਦਾ ਇਨਾਮ! ਜਾਣੋ ਕੀ ਹੈ ਡੀਸੀ ਦਾ ਇਹ ਵੱਡਾ ਐਲਾਨ
Bathinda News : ਬਠਿੰਡਾ ਜ਼ਿਲ੍ਹੇ 'ਚ ਲਗਾਤਾਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਖੇਤਾਂ ਅਤੇ ਮੰਡੀਆਂ 'ਚ ਜਾ ਕੇ ਜਿੱਥੇ ਵੱਡੇ ਪੱਧਰ 'ਤੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਸਮਝਾਇਆ ਜਾ ਰਿਹਾ ਹੈ, ਉੱਥੇ ਹੀ ਸਖਤੀ ਵੀ ਕੀਤੀ ਜਾ ਰਹੀ ਹੈ। ਐਤਵਾਰ ਡੀਸੀ ਅਤੇ ਐਸਐਸਪੀ ਵੱਲੋਂ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਅਤੇ ਤਲਵੰਡੀ ਸਾਬੋ ਪਿੰਡਾਂ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਮੁਲਾਕਾਤਾਂ ਕੀਤੀ ਅਤੇ ਪਰਾਲੀ ਨਾ ਜਲਾਉਣ ਦੀ ਅਪੀਲ ਕੀਤੀ। ਇਸਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੰਚਾਇਤਾਂ ਲਈ 5-5 ਲੱਖ ਰੁਪਏ ਦਾ ਐਲਾਨ ਵੀ ਕੀਤਾ।
ਪੀਟੀਸੀ ਨਿਊਜ਼ ਨਾਲ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਲਗਤਾਰ ਪਰਾਲੀ ਨਾ ਜਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਸਿਵਲ ਪ੍ਰਸਾਸਨ ਵੱਲੋਂ ਪਰਾਲੀ ਨਾ ਜਲਾਉਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਹਰ ਸਹੂਲਤ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਖੀ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ 141 ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਵੀ ਜੇਕਰ ਕੋਈ ਪਰਾਲੀ ਸਾੜੇਗਾ ਤਾਂ ਉਸ ਖਿਲਾਫ ਸਖਤ ਕਰਵਾਈ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਡੀਸੀ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ਪੀਟੀਸੀ ਨਿਊਜ਼ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਜਿਹੜੇ ਪਿੰਡ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ 0% ਹੋਣਗੇ, ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਡਿਵੈਲਪਮੈਂਟ ਸਬੰਧੀ ਇਨਾਮ 'ਚ ਦਿੱਤੇ ਜਾਣਗੇ, ਜਦਕਿ ਜਿਹੜੇ ਪਿੰਡਾਂ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ, ਉਨ੍ਹਾਂ ਖਿਲਾਫ਼ ਮਾਮਲੇ ਦਰਜ ਕੀਤੇ ਜਾਣਗੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਇਸਦੇ ਨਾਲ ਹੀ ਮਾਲ ਰਿਕਾਰਡ ਵਿੱਚ ਰੈਡ ਐਂਟਰੀਆਂ ਵੀ ਹੋਣਗੀਆਂ, ਜੋ ਕਿ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਹਨ।
- PTC NEWS