ਸਰਕਾਰੀ ਸਮਾਗਮ ਦੌਰਾਨ ਵਿਧਾਇਕ ਦੇ ਕਿਹੜੇ ਸਾਈਡ ਬੈਠਣਗੇ ਡੀਸੀ ਤੇ ਐਸਐਸਪੀ, ਹਦਾਇਤਾਂ ਜਾਰੀ
ਚੰਡੀਗੜ੍ਹ : ਪੰਜਾਬ 'ਚ ਸਰਕਾਰੀ ਸਮਾਗਮਾਂ ਦੌਰਾਨ ਵਿਧਾਇਕਾਂ ਦੇ ਨਾਲ ਡਿਪਟੀ ਕਮਿਸ਼ਨਰ ਤੇ ਐਸਐਸਪੀ ਕਿਹੜੇ ਪਾਸੇ ਬੈਠਣੇ ਚਾਹੀਦੇ ਹਨ ਇਸ ਬਾਰੇ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ 15 ਅਗਸਤ ਨੂੰ ਆਜ਼ਾਦੀ ਸਮਾਗਮ ਦੌਰਾਨ ਵਿਧਾਇਕ ਮਰਿਆਦਾ ਦੀ ਉਲੰਘਣਾ ਹੋਈ ਸੀ ਜਿਸ ਕਾਰਨ ਵਿਧਾਇਕਾਂ ਨੇ ਮੁੱਦਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਚੁੱਕਿਆ ਸੀ।
ਇਸ ਦੌਰਾਨ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਕਮੇਟੀ ਸਾਹਮਣੇ ਮਾਫੀ ਮੰਗੀ ਸੀ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਕਾਰੀ ਸਮਾਗਮਾਂ ਦੌਰਾਨ ਵਿਧਾਇਕਾਂ ਦੇ ਨਾਲ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਕਿਸ ਪਾਸੇ ਬੈਠਣੇ ਚਾਹੀਦੇ ਹਨ, ਬਾਰੇ ਸਮੂਹ ਡੀਸੀਜ਼ ਨੂੰ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸਬੰਧੀ ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਜੇਕਰ ਸਰਕਾਰੀ ਸਮਾਗਮਾਂ ਵਿੱਚ D.C/S.S.P ਨੇ ਮੁੱਖ ਮਹਿਮਾਨ ਨੂੰ ਸਹਾਇਤਾ ਪ੍ਰਦਾਨ ਕਰਨੀ ਹੈ ਤਾਂ ਇਹ ਦੋਵੇਂ ਅਧਿਕਾਰੀ ਮੁੱਖ ਮਹਿਮਾਨ ਦੇ ਇਕ ਪਾਸੇ ਬਿਠਾਏ ਜਾਣ ਨਾ ਕਿ ਦੋਵੇਂ ਪਾਸੇ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਸਕੱਤਰ ਵੱਲੋਂ ਡੀਸੀਜ਼ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਸਰਕਾਰੀ ਸਮਾਰੋਹਾਂ/ਮੀਟਿੰਗਾਂ ਦੌਰਾਨ ਸਟੇਟ ਆਰਡਰ ਆਫ ਪ੍ਰੈਸੀਡੈਂਸ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਵਿਧਾਇਕਾਂ ਦਾ ਮਾਣ ਸਤਿਕਾਰ ਕਰਨਾ ਯਕੀਨੀ ਬਣਾਇਆ ਜਾਵੇ।
- PTC NEWS