ਸਾਈਬਰ ਸੈੱਲ ਨੇ ਠੱਗ ਗਿਰੋਹ ਦੇ 3 ਗੁਰਗੇ ਦਬੋਚੇ, ਅਦਾਲਤ ਨੇ ਪੁਲਿਸ ਰਿਮਾਂਡ 'ਤੇ ਭੇਜੇ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈੱਲ ਬ੍ਰਾਂਚ ਨੇ ਠੱਗੀ ਮਾਰਨ ਦੇ ਦੋਸ਼ ਹੇਠ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਕੀਤੀ ਗਈ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਵੱਲੋਂ ਲੋਕਾਂ ਨਾਲ ਕਰੋੜਾਂ ਤੋਂ ਵੱਧ ਦੀ ਠੱਗੀ ਕੀਤੀ ਹੈ। ਮੁਲਜ਼ਮ 22 ਜਨਵਰੀ ਤੱਕ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਹਨ। ਮਾਮਲੇ ਦੀ ਜਾਂਚ ਜਾਰੀ ਹੈ।
ਪੁਲਿਸ ਅਨੁਸਾਰ ਚੰਡੀਗੜ੍ਹ ਦੇ ਹੱਲੋਮਾਜਰਾ ਵਾਸੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਅਣਪਛਾਤੇ ਵਿਅਕਤੀ ਨੇ ਲੰਘੇ ਮਹੀਨੇ 14 ਦਸੰਬਰ ਨੂੰ ਵਟਸਐਪ ਕਾਲ ਰਾਹੀਂ ਆਪਣੇ ਆਪ ਨੂੰ ਕੈਨੇਡਾ ਵਾਸੀ ਦਸ ਕੇ ਉਨ੍ਹਾਂ ਨੂੰ ਧੋਖੇ ਵਿੱਚ ਲੈ ਲਿਆ। ਕਾਲ ਕਰਨ ਵਾਲੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਕੁਝ ਪੈਸੇ ਭੇਜਣਾ ਚਾਹੁੰਦਾ ਹੈ।
ਸ਼ਿਕਾਇਤਕਰਤਾ ਨੇ ਸਮਝਿਆ ਕਿ ਉਹ ਉਨ੍ਹਾਂ ਦੇ ਚਾਚੇ ਦੇ ਮੁੰਡਾ ਬੋਲ ਰਿਹਾ ਹੈ ਅਤੇ ਉਨ੍ਹਾਂ ਨੇ ਉਸ ਨੂੰ ਆਪਣਾ ਬੈਂਕ ਅਕਾਊਂਟ ਨੰਬਰ ਮੁਹੱਈਆ ਕਰਵਾ ਦਿੱਤਾ। ਕੁਝ ਸਮੇਂ ਬਾਅਦ ਉਸ ਨੂੰ 15,70,400 ਰੁਪਏ ਉਨ੍ਹਾਂ ਦੇ ਖਾਤੇ 'ਚ ਆਉਣ ਸਬੰਧੀ ਕੈਨੇਡਾ ਤੋਂ ਕਾਲ ਕਰਨ ਵਾਲੇ ਵਿਅਕਤੀ ਨੇ ਮੋਬਾਈਲ ਦਾ ਸਕਰੀਨ ਸ਼ਾਟ ਵਟਸਐਪ 'ਤੇ ਭੇਜ ਦਿੱਤਾ। ਇਸ ਤੋਂ ਬਾਅਦ ਉਸ ਨੂੰ ਇਕ ਹੋਰ ਵਟਸਐਪ ਕਾਲ ਆਈ ਕਿ ਉਸ ਨੂੰ ਦੱਸਿਆ ਕਿ ਉਸ ਦੇ ਏਜੰਟ ਦੀ ਮਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਕੁਝ ਰਕਮ ਦੀ ਲੋੜ ਹੈ।
ਇਹ ਵੀ ਪੜ੍ਹੋ : ਗੱਡੀ 'ਚ ਸੀਟ ਬੈਲਟ ਨਾ ਲਗਾਉਣ 'ਤੇ ਪੀਐਮ ਸੁਨਕ ਨੂੰ ਭਾਰੀ ਜੁਰਮਾਨਾ
ਕਾਲ ਕਰਨ ਵਾਲੇ ਨੇ ਉਨ੍ਹਾਂ ਨਾਲ ਆਪਣਾ ਬੈਂਕ ਖਾਤਾ ਸਾਂਝਾ ਕੀਤਾ ਤੇ ਸ਼ਿਕਾਇਤਕਰਤਾ ਨੇ ਭਰੋਸਾ ਕਰਦਿਆਂ ਉਸ ਦੇ ਖਾਤੇ 'ਚ ਵਾਰੋ-ਵਾਰੀ ਇਕ ਲੱਖ ਰੁਪਏ ਭੇਜ ਦਿੱਤਾ। ਬਾਅਦ ਵਿੱਚ ਜਦੋਂ ਉਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਕੈਨੇਡਾ ਵਾਸੀ ਵੱਲੋਂ ਭੇਜੇ ਗਏ 15,70,400 ਦੀ ਰਕਮ ਉਸ ਦੇ ਖਾਤੇ 'ਚ ਟਰਾਂਸਫਰ ਨਹੀਂ ਹੋਈ ਅਤੇ ਉਨ੍ਹਾਂ ਨਾਲ ਧੋਖਾ ਹੋਇਆ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕੀਤੀ ਗਈ ਘੋਖ ਦੌਰਾਨ ਇਸ ਮਹੀਨੇ 17 ਜਨਵਰੀ ਨੂੰ ਮਨੀਮਾਜਰਾ ਤੋਂ ਇਕ ਮੁਲਜ਼ਮ ਫੈਸਲ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਦੋ ਹੋਰ ਮੁਲਜ਼ਮ ਮੁਹੰਮਦ ਮਜੀਬ ਅਤੇ ਨਦੀਮ ਨੂੰ ਮਨੀਮਾਜਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ।
- PTC NEWS