Hoshiarpur News : ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ, ਜੇਲ੍ਹ ਪ੍ਰਸ਼ਾਸਨ 'ਤੇ ਲਾਏ ਆਰੋਪ
CRPF Jawan Died in Punjab Jail News : ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਅੱਜ ਉਸ ਵਕਤ ਮੁੜ ਸੁਰਖੀਆਂ 'ਚ ਆ ਗਈ, ਜਦੋਂ ਜੇਲ੍ਹ 'ਚ ਬੰਦ ਇਕ ਵਿਅਕਤੀ ਦੀ ਸਵੇਰ ਸਮੇਂ ਮੌਤ ਹੋ ਗਈ ਤੇ ਜਿਵੇਂ ਹੀ ਪਰਿਵਾਰ ਨੂੰ ਇਸਦਾ ਪਤਾ ਲੱਗਿਆ ਤਾਂ ਪਰਿਵਾਰ 'ਚ ਵੀ ਹੜਕੰਪ ਮੱਚ ਗਿਆ ਤੇ ਸਾਰਾ ਪਰਿਵਾਰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਗੁੱਸੇ 'ਚ ਆਏ ਪਰਿਵਾਰ ਵਲੋਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਬਾਹਰ ਰੋਡ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਅਤੇ ਜੇਲ੍ਹ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ। ਮ੍ਰਿਤਕ ਦੀ ਪਹਿਚਾਣ ਅਮਰਜੀਤ ਸਿੰਘ ਪੁੱਤਰ ਹਰਮੇਸ਼ ਲਾਲ ਵਜੋਂ ਹੋਈ ਹੈ, ਜੋ ਕਿ ਨਜ਼ਦੀਕੀ ਪਿੰਡ ਚੱਕੋਵਾਲ ਸ਼ੇਖਾਂ ਦਾ ਰਹਿਣ ਵਾਲਾ ਸੀ ਤੇ ਭਾਰਤੀ ਫੌਜ 'ਚ ਤੈਨਾਤ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਪੂਜਾ ਰਾਣੀ ਨੇ ਦੱਸਿਆ ਕਿ ਉਸਦਾ ਪਤੀ ਸੀਆਰਪੀਐਫ 'ਚ ਤੈਨਾਤ ਸੀ ਤੇ ਸਾਲ 2020 'ਚ ਪਿੰਡ 'ਚ ਹੀ ਕੋਈ ਲੜਾਈ ਹੋਈ ਸੀ। ਹੁਣ ਉਸਦਾ ਪਤੀ ਵੀ ਛੁੱਟੀ ਆਇਆ ਹੋਇਆ ਸੀ ਤੇ ਇਸ ਮਾਮਲੇ 'ਚ ਉਸਨੂੰ ਵੀ ਝੂਠਾ ਫਸਾ ਦਿੱਤਾ ਗਿਆ ਤੇ ਪਿਛਲੇ 2 ਮਹੀਨਿਆਂ ਤੋਂ ਉਹ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚ ਬੰਦ ਸੀ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਸੀ ਤੇ ਅਦਾਲਤ ਵਲੋਂ ਵੀ ਜੇਲ੍ਹ ਪ੍ਰਸ਼ਾਸਨ ਨੂੰ ਉਸਨੂੰ ਦਾਖਲ ਕਰਵਾਉਣ ਲਈ ਹੁਕਮ ਜਾਰੀ ਕੀਤੇ ਹੋਏ ਸਨ ਪਰ ਜੇਲ੍ਹ ਪ੍ਰਸ਼ਾਸਨ ਨੇ ਅਜਿਹਾ ਨਹੀਂ ਕੀਤਾ, ਜਿਸ ਕਾਰਨ ਅਮਰਜੀਤ ਸਿੰਘ ਦੀ ਅੱਜ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਅਮਰਜੀਤ ਸਿੰਘ ਦੀ ਮੌਤ ਹੋਈ ਹੈ।
ਦੂਜੇ ਪਾਸੇ ਡੀਐਸਪੀ ਸਿਟੀ ਦੇਵ ਦੱਤ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਜੇਕਰ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਮੁਤਾਬਿਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
- PTC NEWS