ਗੈਂਗਸਟਰਾਂ 'ਤੇ ਸ਼ਿਕੰਜਾ ; NIA ਨੇ ਦੇਸ਼ ਦੇ 8 ਸੂਬਿਆਂ 'ਚ 70 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਤੜਕੇ ਵੱਡੀ ਕਾਰਵਾਈ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦੇਸ਼ ਦੇ 8 ਸੂਬਿਆਂ 'ਚ 70 ਥਾਵਾਂ ਉੁਪਰ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ 70 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। NIA ਨੇ ਗੈਂਗਸਟਰ ਮਾਮਲੇ ਨੂੰ ਲੈ ਕੇ ਕੀਤੀ ਕਾਰਵਾਈ। ਕਾਬਿਲੇਗੌਰ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਇਹ ਕਾਰਵਾਈ ਗੈਂਗਸਟਰ ਤੇ ਉਸ ਦੇ ਅਪਰਾਧਿਕ ਸਿੰਡੀਕੇਟ ਖਿਲਾਫ਼ ਦਰਜ ਕੀਤੇ ਗਏ ਇਕ ਮਾਮਲੇ ਨੂੰ ਲੈ ਕੇ ਕੀਤੀ ਹੈ।
NIA ਨੇ ਕੈਨੇਡਾ 'ਚ ਦਹਿਸ਼ਤ ਫੈਲਾਉਣ ਵਾਲੇ ਲਖਬੀਰ ਲੰਡਾ ਤੋਂ ਇਲਾਵਾ ਪੰਜਾਬ 'ਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਕੁਝ ਦਿਨ ਪਹਿਲਾਂ ਲਖਬੀਰ ਲੰਡਾ ਨੂੰ NIA ਵੱਲੋਂ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ ਅਤੇ ਉਸ ਦੇ ਕਰੀਬੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। NIA ਦੀਆਂ ਟੀਮਾਂ ਜਾਂਚ ਲਈ ਗਿੱਦੜਬਾਹਾ ਪੁੱਜ ਗਈਆਂ ਹਨ। ਫਿਲਹਾਲ ਜਾਂਚ ਜਾਰੀ ਹੈ ਅਤੇ ਅਧਿਕਾਰੀ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦੇ ਰਹੇ ਹਨ।
ਇਸ ਤੋਂ ਇਲਾਵਾ ਐਨਆਈਏ ਦੀ ਇਕ ਟੀਮ ਨੇ ਬਠਿੰਡਾ ਵਿਚ ਵੀ ਛਾਪੇਮਾਰੀ ਕੀਤੀ। ਪਿੰਡ ਮਸਾਣਾ ਵਿਖੇ ਗੈਂਗਸਟਰ ਰੰਮੀ ਮਛਾਣਾ ਦੇ ਘਰ ਵਿਚ ਜਾਂਚ ਏਜੰਸੀ ਨੇ ਛਾਪੇਮਾਰੀ ਕੀਤੀ। ਕਾਬਿਲੇਗੌਰ ਹੈ ਕਿ ਗੈਂਗਸਟਰ ਰੰਮੀ ਮਛਾਣਾ ਬਠਿੰਡਾ ਜੇਲ੍ਹ ਵਿਚ ਬੰਦ ਹੈ।
ਇਹ ਵੀ ਪੜ੍ਹੋ : ਸੰਗੀਤ ਪ੍ਰੋਗਰਾਮ ਦੌਰਾਨ ਗਾਇਕ ਸੋਨੂੰ ਨਿਗਮ ਤੇ ਟੀਮ ਉਪਰ ਹਮਲਾ, ਪੁਲਿਸ ਜਾਂਚ 'ਚ ਜੁਟੀ
ਹਰਿਆਣਾ ਦੇ ਨਾਰਨੌਲ 'ਚ NIA ਨੇ ਤੜਕੇ ਗੈਂਗਸਟਰ ਸੁਰੇਂਦਰ ਉਰਫ ਚੀਕੂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਐਨਆਈਏ ਨੇ ਪਿੰਡ ਮੋਹਨਪੁਰ ਵਿੱਚ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਅਤੇ ਨਾਰਨੌਲ ਦੇ ਸੈਕਟਰ 1 ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਦੇ ਘਰ ਵੀ ਛਾਪੇਮਾਰੀ ਕੀਤੀ। ਇਸ ਦੌਰਾਨ ਸਥਾਨਕ ਪੁਲਿਸ ਤੇ ਸੀਆਈਏ ਦੀ ਟੀਮ ਵੀ ਨਾਲ ਰਹੀ। ਇਸ ਤੋਂ ਪਹਿਲਾਂ ਵੀ ਇਕ ਵਾਰ NIA ਦੀ ਟੀਮ ਨੇ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਦੇ ਮੋਹਨਪੁਰ ਸਥਿਤ ਰਿਹਾਇਸ਼ 'ਤੇ ਛਾਪਾ ਮਾਰਿਆ ਸੀ।
- PTC NEWS