ਬਠਿੰਡਾ: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਅਦਾਲਤ ਨੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ 2 ਮਾਰਚ ਤੱਕ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਦੇ ਨਜ਼ਦੀਕੀ ਰਸ਼ਿਮ ਗਰਗ ਨੂੰ 10 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ ਉੱਤੇ ਭੇਜ ਦਿੱਤਾ ਸੀ । ਇਸ ਮੌਕੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਵਿਧਾਇਕ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਦੀ ਚੰਡੀਗੜ੍ਹ ਰਿਹਾਇਸ਼ ਤੋਂ ਕੁਝ ਕਾਗਜ਼ਾਤ ਮਿਲੇ ਹਨ ਜਿੰਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।ਵਿਜੀਲੈਂਸ ਨੇ ਹੁਣ ਤੱਕ ਮੁਲਜ਼ਮਾਂ ਦੇ ਘਰ ਅਤੇ ਹੋਰ ਕਈ ਥਾਵਾਂ ’ਤੇ ਛਾਪੇਮਾਰੀ ਕਰ ਕੇ ਰਿਸ਼ਵਤ ਵਜੋਂ ਲਏ ਕਰੀਬ 1 ਲੱਖ 31 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਰਸ਼ਿਮ ਗਰਗ ਨੇ ਨੰਬਰਦਾਰ ਤੋਂ 2.50 ਲੱਖ ਰੁਪਏ ਐਡਵਾਂਸ ਅਤੇ ਸਰਪੰਚ ਦੇ ਪਤੀ ਤੋਂ 50 ਹਜ਼ਾਰ ਰੁਪਏ ਲਏ ਸਨ, ਜਿਸ ’ਚ ਵਿਜੀਲੈਂਸ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਉਸ ਦੇ ਘਰੋਂ 1 ਲੱਖ 31 ਹਜ਼ਾਰ ਰੁਪਏ ਬਰਾਮਦ ਕੀਤੇ ਹਨ, ਜਦਕਿ ਰਸ਼ਿਮ ਗਰਗ ਨੇ ਆਪਣੇ ਬਿਆਨਾਂ ’ਚ 1 ਲੱਖ 69 ਹਜ਼ਾਰ ਰੁਪਏ ਵੱਖ-ਵੱਖ ਥਾਵਾਂ ’ਤੇ ਰੱਖਣ ਦੀ ਗੱਲ ਕਬੂਲੀ ਹੈ। ਹੁਣ ਤਕ ਵਿਜੀਲੈਂਸ ਵਿਭਾਗ ਰਿਸ਼ਮ ਗਰਗ ਕੋਲੋਂ 5 ਲੱਖ 31 ਹਜ਼ਾਰ ਰੁਪਏ ਬਰਾਮਦ ਕਰ ਚੁੱਕਾ ਹੈ।