ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਨੂੰ ਲੈਕੇ ਛਿੜਿਆ ਵਿਵਾਦ; ਬਾਈਕਾਟ ਦੀ ਤਿਆਰੀ 'ਚ ਸਾਰੀਆਂ ਪਾਰਟੀਆਂ
ਨਵੀਂ ਦਿੱਲੀ: ਰਾਸ਼ਟਰਪਤੀ ਤੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਦੀ ਸਿਆਸਤ ਗਰਮਾਉਣ ਲੱਗੀ ਹੈ। ਕਈ ਵਿਰੋਧੀ ਪਾਰਟੀਆਂ ਨੇ 28 ਮਈ ਨੂੰ ਹੋਣ ਵਾਲੇ ਸਮਾਗਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪਾਰਟੀਆਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਕੀਤਾ ਜਾਵੇ।
ਚਰਚਾਵਾਂ ਨੇ ਕਿ ਕਾਂਗਰਸ 28 ਮਈ ਨੂੰ ਹੋਣ ਵਾਲੇ ਨਵੇਂ ਸੰਸਦ ਭਵਨ ਦੇ ਉਦਘਾਟਨੀ ਪ੍ਰੋਗਰਾਮ ਦਾ ਬਾਈਕਾਟ ਕਰ ਸਕਦੀ ਹੈ। ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਦੋਸ਼ ਲਾਇਆ ਕਿ ਸਰਕਾਰ ਨੇ ਰਾਸ਼ਟਰਪਤੀ ਮੁਰਮੂ ਅਤੇ ਸਮੁੱਚੇ ਆਦਿਵਾਸੀ ਭਾਈਚਾਰੇ ਨੂੰ ਸਮਾਗਮ ਤੋਂ ਦੂਰ ਰੱਖ ਕੇ ਅਪਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਨਮੱਤ ਰਾਸ਼ਟਰਪਤੀ ਜੋ ਨਿਮਰ ਪਿਛੋਕੜ ਤੋਂ ਉੱਠ ਕੇ ਇੱਥੇ ਪੁੱਜੀ ਹੈ, ਉਸ ਦਾ ਅਪਮਾਨ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਹੈ ਜਾਂ ਨਹੀਂ ਇਸ ਦਾ ਫੈਸਲਾ ਢੁਕਵੇਂ ਸਮੇਂ ’ਤੇ ਕੀਤਾ ਜਾਵੇਗਾ।
ਆਖ਼ਰ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਵਿਰੋਧ ਕਿਉਂ?
ਦਰਅਸਲ 28 ਮਈ ਨੂੰ ਦੁਪਹਿਰ 12 ਵਜੇ ਪੀਐਮ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਇਸ 'ਤੇ ਕਾਂਗਰਸ ਨੇਤਾਵਾਂ ਅਤੇ ਕਈ ਹੋਰ ਵਿਰੋਧੀ ਨੇਤਾਵਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੀ ਬਜਾਏ ਰਾਸ਼ਟਰਪਤੀ ਨੂੰ ਉਦਘਾਟਨ ਕਰਨਾ ਚਾਹੀਦਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਨੂੰ ਹੀ ਕਰਨਾ ਚਾਹੀਦਾ ਹੈ। ਮੁਰਮੂ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਮਰਿਆਦਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੋਵੇਗਾ। ਕੌਮੀ ਪੱਧਰ ਦੀਆਂ ਚਰਚਾਵਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਉਦਘਾਟਨ ਦੇ ਮੌਕੇ 'ਤੇ ਵਧਾਈ ਸੰਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਆਮ ਆਦਮੀ ਪਾਰਟੀ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਕਰੇਗੀ ਬਾਈਕਾਟ
ਵਿਰੋਧੀ ਪਾਰਟੀਆਂ ਨੇ ਦਸੰਬਰ 2020 ਵਿੱਚ ਨਵੀਂ ਸੰਸਦ ਭਵਨ ਦੇ ਨੀਂਹ ਪੱਥਰ ਸਮਾਗਮ ਦਾ ਬਾਈਕਾਟ ਕੀਤਾ ਸੀ ਅਤੇ ਸੰਭਾਵਨਾ ਹੈ ਕਿ ਉਹ ਐਤਵਾਰ ਨੂੰ ਵੀ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਬਾਈਕਾਟ ਕਰੇਗੀ। ਪਾਰਟੀ ਨੇ ਕਿਹਾ ਕਿ ਕਈ ਹੋਰ ਵਿਰੋਧੀ ਪਾਰਟੀਆਂ ਵੀ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈਣਗੀਆਂ। ਅਸੀਂ ਸਮਾਰੋਹ ਦਾ ਬਾਈਕਾਟ ਕਰਾਂਗੇ। ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਦੇ ਚੈਂਬਰ ਵਿੱਚ 888 ਮੈਂਬਰ ਅਤੇ ਰਾਜ ਸਭਾ ਦੇ ਚੈਂਬਰ ਵਿੱਚ 300 ਮੈਂਬਰ ਬੈਠ ਸਕਦੇ ਹਨ।
ਟੀਐਮਸੀ-ਸੀਪੀਆਈ ਨੇ ਪੀਐਮ ਮੋਦੀ ਨੂੰ ਘੇਰਿਆ
ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਧਿਰਾਂ ਰਸਮੀ ਸੱਦਾ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਅੰਤਿਮ ਫੈਸਲਾ ਲੈਣਗੀਆਂ। ਲੋਕ ਸਭਾ ਵਿੱਚ ਟੀਐਮਸੀ ਨੇਤਾ ਸੁਦੀਪ ਬੰਦੋਪਾਧਿਆਏ ਨੇ ਕਿਹਾ ਕਿ ਟੀਐਮਸੀ 28 ਮਈ ਨੂੰ ਨਵੀਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕਰੇਗੀ। ਰਾਜ ਸਭਾ ਵਿੱਚ ਟੀਐਮਸੀ ਨੇਤਾ ਡੇਰੇਕ ਓ ਬ੍ਰਾਇਨ ਨੇ ਟਵਿੱਟਰ ਉੱਤੇ ਲਿਖਿਆ ਕਿ ਸੰਸਦ ਸਿਰਫ਼ ਇੱਕ ਨਵੀਂ ਇਮਾਰਤ ਨਹੀਂ ਹੈ। ਇਹ ਸਦੀਆਂ ਪੁਰਾਣੀਆਂ ਪਰੰਪਰਾਵਾਂ, ਕਦਰਾਂ-ਕੀਮਤਾਂ, ਉਦਾਹਰਣਾਂ ਅਤੇ ਨਿਯਮਾਂ ਦੀ ਸਥਾਪਨਾ ਹੈ। ਇਹ ਭਾਰਤੀ ਲੋਕਤੰਤਰ ਦੀ ਨੀਂਹ ਹੈ। ਪ੍ਰਧਾਨ ਮੰਤਰੀ ਮੋਦੀ ਸ਼ਾਇਦ ਇਹ ਗੱਲ ਨਹੀਂ ਸਮਝਦੇ। ਉਸ ਲਈ ਐਤਵਾਰ ਨੂੰ ਨਵੀਂ ਇਮਾਰਤ ਦਾ ਉਦਘਾਟਨ ‘ਮੈਂ, ਮੇਰਾ ਤੇ ਮੇਰੇ ਲਈ’ ਤੋਂ ਵੱਧ ਕੁਝ ਨਹੀਂ ਹੈ। ਇਸ ਲਈ ਸਾਨੂੰ ਇਸ ਤੋਂ ਬਾਹਰ ਸਮਝੋ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗੀ।
ਸਮਾਗਮ ਦਾ ਇੱਕਜੁੱਟ ਹੋ ਕੇ ਬਾਈਕਾਟ ਕਰਨ ਦੀ ਤਿਆਰੀ
ਵਿਰੋਧੀ ਪਾਰਟੀਆਂ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਇਕਜੁੱਟ ਹੋ ਕੇ ਸਮਾਗਮ ਦਾ ਬਾਈਕਾਟ ਕਰਨਾ ਚਾਹੀਦਾ ਹੈ। ਹਾਲਾਂਕਿ ਇਸ ਮੁੱਦੇ 'ਤੇ ਅੰਤਿਮ ਫੈਸਲਾ ਬੁੱਧਵਾਰ ਨੂੰ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ 'ਤੇ ਵਿਰੋਧੀ ਪਾਰਟੀਆਂ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਦਘਾਟਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:
- ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਨੇ ਸਾਂਝੇ ਕੀਤੇ ਵੇਰਵੇ; ਵਿਰੋਧੀਆਂ ਦੇ ਦੂਰ ਕੀਤੇ ਭੁਲੇਖੇ
- ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਫਾਲਤੂ ਨਹੀਂ: ਅਕਾਲੀ ਦਲ ਮੁਖੀ ਨੇ ਭਗਵੰਤ ਮਾਨ ਨੂੰ ਆਖਿਆ
- With inputs from agencies