constable Amandeep Kaur : ਮਹਿਲਾ ਕਾਂਸਟੇਬਲ ਹਰਿਆਣਾ ਵਿੱਚ ਵੇਚਦੀ ਸੀ ਹੈਰੋਇਨ, ਗੁਰਮੀਤ ਕੌਰ ਦੇ ਪਤੀ ਨਾਲ ਮਿਲ ਕੇ ਸਿਰਸਾ 'ਚ ਬਣਾਇਆ ਚਿੱਟੇ ਦਾ ਨੈੱਟਵਰਕ
Constable Amandeep Kaur : ਬਠਿੰਡਾ 'ਚ ਨਸ਼ੇ ਸਣੇ ਕਾਬੂ ਕੀਤੀ ਗਈ ਥਾਰ ਸਵਾਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਹਰਿਆਣਾ ਕਨੈਕਸ਼ਨ ਵੀ ਸਾਹਮਣੇ ਆਇਆ ਹੈ। ਅਮਨਦੀਪ ਕੌਰ ਜਿਸ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀ,ਉਹ ਹਰਿਆਣਾ ਦੇ ਸਿਰਸਾ ਦੇ ਖੈਰਪੁਰ ਦੀ ਰਹਿਣ ਵਾਲੀ ਗੁਰਮੀਤ ਕੌਰ ਦਾ ਪਤੀ ਹੈ। ਗੁਰਮੀਤ ਕੌਰ ਕਹਿੰਦੀ ਹੈ ਕਿ ਉਸਦੇ ਪਤੀ ਨੇ ਮਹਿਲਾ ਕਾਂਸਟੇਬਲ ਲਈ ਦੋ ਧੀਆਂ ਸਮੇਤ ਉਸਨੂੰ ਘਰੋਂ ਕੱਢ ਦਿੱਤਾ ਅਤੇ ਘਰ ਵੀ ਵੇਚ ਦਿੱਤਾ ਸੀ।
ਇਸ ਦੇ ਬਦਲੇ ਉਨ੍ਹਾਂ ਨੇ ਬਠਿੰਡਾ ਦੇ ਵਿਰਾਟ ਗ੍ਰੀਨ ਵਿੱਚ ਇੱਕ ਆਲੀਸ਼ਾਨ ਕੋਠੀ ਬਣਾਈ ਹੈ, ਜਿਸਦੀ ਕੀਮਤ 2 ਕਰੋੜ ਰੁਪਏ ਹੈ। ਸਿਰਸਾ ਵਿੱਚ ਹੀ ਉਸਦੇ ਪਤੀ ਨੇ ਹੈਰੋਇਨ ਵੇਚਣ ਦਾ ਪੂਰਾ ਨੈੱਟਵਰਕ ਬਣਾ ਰੱਖਿਆ ਹੈ। ਉਸ ਨੇ ਦੱਸਿਆ ਕਿ ਅਮਨਦੀਪ ਕੌਰ ਹੈਰੋਇਨ ਲਿਆਉਂਦੀ ਸੀ ,ਜਿਸ ਨੂੰ ਬਲਵਿੰਦਰ ਪੈਕੇਟ ਬਣਾ ਕੇ ਸਿਰਸਾ ਵਿੱਚ ਵੇਚਦਾ ਸੀ। ਉਹ ਜਿਸ ਬੁਲੇਟ ਮੋਟਰਸਾਈਕਲ ਨੂੰ ਚਲਾਉਂਦਾ ਸੀ, ਉਸ 'ਤੇ ਪੰਜਾਬ ਪੁਲਿਸ ਦਾ ਸਟਿੱਕਰ ਲੱਗਿਆ ਹੋਇਆ ਹੈ। ਪੁਲਿਸ ਉਸਨੂੰ ਨਹੀਂ ਰੋਕਦੀ ਅਤੇ ਉਹ ਬੇਖੌਫ਼ ਚਿੱਟਾ ਲੈ ਕੇ ਨਿਕਲ ਜਾਂਦਾ ਹੈ।
ਦੋਵੇਂ 2 ਵਾਰ ਗ੍ਰਿਫ਼ਤਾਰ ਹੋਏ
ਲੇਡੀ ਕਾਂਸਟੇਬਲ ਅਮਨਦੀਪ ਕੌਰ ਅਤੇ ਉਸਦਾ ਸਾਥੀ ਬਲਵਿੰਦਰ ਉਰਫ਼ ਸੋਨੂੰ ਪਹਿਲਾਂ ਵੀ ਦੋ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। 2022 ਵਿੱਚ ਪਹਿਲੀ ਵਾਰ ਫਿਨਾਇਲ ਪੀਣ ਤੋਂ ਬਾਅਦ ਐਸਐਸਪੀ ਦਫ਼ਤਰ ਦੇ ਸਾਹਮਣੇ ਹੰਗਾਮਾ ਕਰਨ ਦੇ ਦੋਸ਼ ਵਿੱਚ ਮਹਿਲਾ ਕਾਂਸਟੇਬਲ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਗੁਰਮੀਤ ਕੌਰ ਨੂੰ ਕੁੱਟਣ ਤੋਂ ਬਾਅਦ ਅਮਨਦੀਪ ਕੌਰ ਨੇ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਵੀ ਪੁਲਿਸ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੁਲਿਸ ਨੇ ਕਾਂਸਟੇਬਲ ਅਮਨਦੀਪ ਕੌਰ ਦਾ ਐਡਰੈੱਸ ਗ਼ਲਤ ਦੱਸਿਆ
ਗੁਰਮੀਤ ਕੌਰ ਦਾ ਆਰੋਪ ਹੈ ਕਿ ਮਹਿਲਾ ਕਾਂਸਟੇਬਲ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਿਲਾ ਕਾਂਸਟੇਬਲ ਬਠਿੰਡਾ ਦੇ ਵਿਰਾਟ ਗ੍ਰੀਨ ਵਿੱਚ ਰਹਿੰਦੀ ਹੈ। ਉਸਦੀ ਓਥੇ ਇੱਕ ਕੋਠੀ ਵੀ ਹੈ, ਜਿਸਦੀ ਕੀਮਤ 2 ਕਰੋੜ ਰੁਪਏ ਦੱਸੀ ਜਾਂਦੀ ਹੈ, ਪਰ ਪੁਲਿਸ ਵੱਲੋਂ ਦਿੱਤੇ ਪਰਚੇ ਵਿੱਚ ਐਡਰੈੱਸ ਲਾਲ ਸਿੰਘ ਬਸਤੀ ਦੱਸਿਆ ਗਿਆ ਹੈ।
2 ਦਿਨ ਦੇ ਰਿਮਾਂਡ 'ਤੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ
ਅਦਾਲਤ ਨੇ ਅਮਨਦੀਪ ਕੌਰ ਨੂੰ 2 ਦਿਨ ਦੇ ਰਿਮਾਂਡ 'ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਉਸਦੇ ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਵੀ ਨਾਮਜ਼ਦ ਕੀਤਾ ਹੈ। ਡੀਐਸਪੀ ਹਰਬੰਸ ਸਿੰਘ ਨੇ ਕਿਹਾ ਕਿ ਪਹਿਲਾਂ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ। ਪੁਲਿਸ ਨੇ ਇੱਕ ਹਫ਼ਤੇ ਦਾ ਰਿਮਾਂਡ ਮੰਗਿਆ ਸੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਲਵਿੰਦਰ ਸਿੰਘ ਵੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਸੀ। ਪੁਲਿਸ ਹੁਣ ਦੋਵਾਂ ਆਰੋਪੀਆਂ ਦੀ ਜਾਇਦਾਦ ਅਤੇ ਗੈਰ-ਕਾਨੂੰਨੀ ਕਾਰੋਬਾਰ ਨਾਲ ਸਬੰਧਤ ਸਾਰੇ ਸਬੰਧਾਂ ਦੀ ਜਾਂਚ ਕਰੇਗੀ।
- PTC NEWS