'ਕੰਗਨਾ ਨੇ ਜੇ ਫਿਲਮ ਚਲਾਉਣੀ ਐ ਤਾਂ ਪਹਿਲਾਂ SGPC ਤੋਂ ਇਜ਼ਾਜਤ ਲਵੇ', Emergency ਫਿਲਮ 'ਤੇ MP ਚੰਨੀ
MP Charanjit Singh Channi on Emergency : ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਕਿਸਾਨਾਂ ਖਿਲਾਫ ਦਿੱਤੇ ਬਿਆਨ ਅਤੇ ਫਿਰ ਫਿਲਮ ਐਮਰਜੈਂਸੀ ਦਾ ਪੰਜਾਬ ਭਰ 'ਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਹੁਣ ਪੰਜਾਬ ਦੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੰਗਨਾ ਰਣੌਤ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਫਿਲਮ 'Emergency' ਚੱਲੇਗੀ ਅਤੇ ਨਾ ਹੀ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ 'ਤੇ ਵੀ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਵਾਂਗ ਗੁੱਸਾ ਨਹੀਂ ਕਰਨਾ ਚਾਹੀਦਾ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪੁਰਾਣੇ ਪੰਜਾਬ ਦਾ ਹਿੱਸਾ ਹਨ ਅਤੇ ਸਾਰਿਆਂ ਦਾ ਆਪਸ ਵਿਚ ਭਾਈਚਾਰਾ ਹੈ ਅਤੇ ਸਾਡਾ ਆਪਸੀ ਭਾਈਚਾਰਾ ਕਦੇ ਟੁੱਟਿਆ ਨਹੀਂ ਅਤੇ ਨਾ ਹੀ ਟੁੱਟਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਕਾਇਮ ਰੱਖਣਾ ਹੈ ਅਤੇ ਕੋਈ ਵੀ ਤਾਕਤ ਜੇਕਰ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰੇਗੀ, ਤਾਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦਾ ਇਤਿਹਾਸ ਇਹ ਹੈ ਕਿ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਆਪਸ ਵਿੱਚ ਪਿਆਰ ਨਾਲ ਰਹਿੰਦੇ ਰਹੇ ਹਨ ਅਤੇ ਅੱਜ ਤੱਕ ਇੱਥੇ ਹਿੰਸਾ ਜਾਂ ਦੰਗਿਆਂ ਦੀ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਬਹੁਤੀ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਇਸ ਮੌਕੇ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੇ ਵਿਵਾਦਤ ਬਿਆਨ 'ਤੇ ਵੀ ਕਿਹਾ ਕਿ ਇਸ ਤਰ੍ਹਾਂ ਆਪਣਾ ਗੁੱਸਾ ਨਹੀਂ ਕਰਨਾ ਚਾਹੀਦਾ।
ਕਾਂਗਰਸ ਸਾਂਸਦ ਨੇ ਕਿਹਾ ਕਿ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵਿੱਚ ਜਿੱਥੇ ਵੀ ਸਿੱਖ ਇਤਿਹਾਸ ਦਿਖਾਉਣਾ ਹੋਵੇ ਤਾਂ ਫਿਲਮ ਦਿਖਾ ਕੇ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਸਭ ਤੋਂ ਅਹਿਮ ਸੰਸਥਾ ਹੈ ਅਤੇ ਇਸ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਇਸ ਲਈ ਜੇਕਰ ਕੰਗਨਾ ਨੇ ਆਪਣੀ ਫਿਲਮ ਚਲਾਉਣੀ ਹੈ ਤਾਂ ਪਹਿਲਾਂ ਇਹ ਫਿਲਮ ਸ਼੍ਰੋਮਣੀ ਕਮੇਟੀ ਨੂੰ ਦਿਖਾਈ ਜਾਵੇ ਅਤੇ ਸਿੱਖ ਇਤਿਹਾਸ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਦਿਖਾਇਆ ਜਾਵੇ। ਇਸ ਪਿੱਛੋਂ ਸ਼੍ਰੋਮਣੀ ਕਮੇਟੀ ਹੀ ਫੈਸਲਾ ਕਰੇਗੀ ਅਤੇ ਉਨ੍ਹਾਂ ਦੇ ਸਰਟੀਫਿਕੇਟ ਤੋਂ ਬਾਅਦ ਹੀ ਫਿਲਮ ਚੱਲੇਗੀ, ਪਰ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਫਿਲਮ ਨਾ ਚੱਲੇਗੀ ਅਤੇ ਨਾ ਹੀ ਚੱਲਣ ਦਿੱਤੀ ਜਾਵੇਗੀ।
- PTC NEWS