MP Charanjit Channi : ਸਾਂਸਦ ਚੰਨੀ ਨੇ ਮੰਗੀ ਮਾਫੀ, ਜਾਣੋ ਔਰਤਾਂ ਬਾਰੇ ਕੀ ਕੀਤੀ ਸੀ ਵਿਵਾਦਤ ਟਿੱਪਣੀ
CM Channi : ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਔਰਤਾਂ 'ਤੇ ਵਿਵਾਦਤ ਟਿੱਪਣੀ ਮਾਮਲੇ 'ਚ ਮੰਗਲਵਾਰ ਮਾਫੀ ਮੰਗ ਲਈ ਹੈ। ਉਨ੍ਹਾਂ ਵੀਡੀਓ ਰਾਹੀਂ ਬਿਆਨ ਜਾਰੀ ਕਰਕੇ ਕਿਹਾ ਕਿ ਮੇਰੀ ਕਿਸੇ ਮਹਿਲਾ ਜਾਂ ਕਿਸੇ ਜਾਤੀ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਨਹੀਂ ਸੀ ਅਤੇ ਮੈਂ ਸਿਰਫ਼ ਸੁਣੀ-ਸੁਣਾਈ ਗੱਲ ਹੀ ਸਟੇਜ ਤੋਂ ਕਹੀ ਸੀ।
ਦੱਸ ਦਈਏ ਕਿ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜੋ ਕਿ ਇਹ ਵੀਡੀਓ ਗਿੱਦੜਬਾਹਾ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਦੀ ਸੀ, ਜਦੋਂ ਸਾਬਕਾ ਸੀਐਮ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ 'ਚ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੋ ਕੁੱਤਿਆਂ ਦੀ ਕਹਾਣੀ ਦੀ ਇੱਕ ਉਦਾਹਰਨ ਦਿੱਤੀ। ਇਸ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।
ਅੱਜ ਇਸ ਵਿਵਾਦ 'ਤੇ ਸਾਬਕਾ ਸੀਐਮ ਨੇ ਮਾਫੀ ਮੰਗਦਿਆਂ ਕਿਹਾ, ''ਮੈਂ ਕਿਸੇ ਦੇ ਖਿਲਾਫ਼ ਨਹੀਂ ਬੋਲਦਾ, ਮੈਂ ਅਚਾਨਕ ਇੱਕ ਸੁਣਿਆ-ਸੁਣਾਇਆ ਚੁਟਕਲਾ ਸੁਣਾ ਬੈਠਿਆ। ਮੇਰੀ ਨਾ ਕਿਸੇ ਲਈ ਅਜਿਹੀ ਮਨਸ਼ਾ ਹੁੰਦੀ ਹੈ ਕਿ ਕਿਸੇ ਦੀ ਭਾਵਨਾਵਾਂ ਨੂੰ ਠੇਸ ਕਰਾਂ, ਨਾ ਮੇਰਾ ਸੰਸਕਾਰ ਹੈ ਅਤੇ ਨਾ ਮੇਰੀ ਅਜਿਹੀ ਆਦਤ ਹੈ, ਮੈਂ ਨੀਵਾਂ ਹੋ ਕੇ ਚੱਲਣ ਵਾਲਾ ਬੰਦਾ ਹਾਂ। ਫਿਰ ਵੀ ਜੇਕਰ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ।''
ਉਨ੍ਹਾਂ ਕਿਹਾ ਕਿ ਜਦੋਂ ਬੀਬੀਆਂ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਹੈ ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਮੈਂ ਉਨ੍ਹਾਂ ਦੇ ਖਿਲਾਫ਼ ਬੋਲ ਸਕਾਂ। ਉਨ੍ਹਾਂ ਕਿਹਾ ਕਿ ਮੈਨੂੰ ਹਰ ਵਰਗ ਦੇ ਲੋਕ ਵੋਟ ਪਾਉਂਦੇ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ਜਿਸ-ਜਿਸ ਨੂੰ ਵੀ ਮੇਰੇ ਬਿਆਨ ਨਾਲ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ।
- PTC NEWS