Maghi Mela Muktsar 2023: ਇਤਿਹਾਸਕ ਗੁਰਦੁਆਰਿਆਂ ਦਾ ਸੰਗਮ 'ਮੇਲਾ ਮਾਘੀ'
Mela Maghi da : ਸਿੱਖ ਧਰਮ ਵਿੱਚ ਗੁਰੂ-ਸਿੱਖ ਦੇ ਅਟੁੱਟ ਤੇ ਸਮਰਪਿਤ ਰਿਸ਼ਤੇ ਨੂੰ ਬਿਆਨਦੀ ਗਾਥਾ ਦਾ ਪ੍ਰਤੀਕ ਹੈ ਸ੍ਰੀ ਮੁਕਤਸਰ ਸਾਹਿਬ ਜਿਸ ਦਾ ਪੁਰਾਤਨ ਨਾਮ ਖਿਦਰਾਣੇ ਦੀ ਢਾਬ ਸੀ। ਚਾਲੀ ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਲੱਗਣ ਵਾਲਾ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਿੰਘਾਂ ਦੀ ਟੁੱਟੀ ਗੰਢੀ ਸੀ ਤੇ ਸਿੰਘਾਂ ਵੱਲੋਂ ਦਿੱਤੇ ਬੇਦਾਵੇ ਨੂੰ ਪਾੜਿਆ ਸੀ ਤੇ ਇਸ ਜਗ੍ਹਾ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤੀ ਦਿੱਤੀ ਸੀ।
‘ਮੁਕਤਸਰ ਦੀ ਮਾਘੀ’ ਪੰਜਾਬ ਦੇ ਲੋਕਾਂ ਲਈ ਪੁਰਾਤਨ ਸਮੇਂ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ। ਇਸ ਦੌਰਾਨ ਲੋਕ ਇਸ਼ਨਾਨ ਕਰਕੇ ਦਲਿੱਦਰ ਨੂੰ ਭਜਾਉਂਦੇ ਹਨ। ਪੋਹ ਮਹੀਨੇ ਵਿਚ ਠੰਢ ਕਾਫੀ ਹੁੰਦੀ ਹੈ ਤੇ ਮਾਘ ਮਹੀਨੇ ਠੰਢ ਦਾ ਪ੍ਰਭਾਵ ਘੱਟਣ ਲੱਗਦਾ ਹੈ। ਉਹ ਵੰਨ-ਸੁਵੰਨੇ ਸੁੰਦਰ ਪਹਿਰਾਵੇ 'ਚ ਆਪਣੇ ਆਪ ਨੂੰ ਸ਼ਿੰਗਾਰ ਕੇ ਖਿੜਵੇਂ ਰੌਂਅ ਵਿੱਚ, ਸੰਗਤਾਂ ਦੇ ਰੂਪ ਵਿੱਚ ਮੁਕਤਸਰ ਵਿਖੇ ਮੁਕਤਿਆਂ ਦੀ ਅਦੁੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਹੀਰਾਂ ਘੱਤਦੇ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਸਥਿਤ 'ਖਿਦਰਾਣੇ ਦੀ ਢਾਬ' ਮਾਲਵੇ ਦੇ ਇਲਾਕੇ ਦੀ ਇਕ ਪ੍ਰਸਿੱਧ ਢਾਬ ਸੀ, ਜਿਸ 'ਚ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ।
ਆਮ ਤੌਰ ਉਤੇ ਇਸ ਇਲਾਕੇ 'ਚ ਪਾਣੀ ਦੀ ਕਾਫੀ ਘਾਟ ਰਹਿੰਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ 1704 ਈਸਵੀ 'ਚ ਮੁਗ਼ਲ ਫ਼ੌਜਾਂ ਦੀ ਲੰਬੀ ਘੇਰਾਬੰਦੀ ਕਾਰਨ ਆਨੰਦਪੁਰ ਦਾ ਕਿਲ੍ਹਾ ਸੰਗਤਾਂ ਦੇ ਜ਼ੋਰ ਦੇਣ ਉਤੇ ਛੱਡ ਦਿੱਤਾ ਤੇ ਮਾਲਵਾ ਖੇਤਰ ਵੱਲ ਨੂੰ ਚੱਲ ਪਏ। ਮੁਗ਼ਲ ਫ਼ੌਜਾਂ ਪੈੜ ਨੱਪਦੇ ਹੋਏ ਮਗਰ ਆ ਰਹੀਆਂ ਸਨ। ਸਰਸਾ ਨਦੀ ਉਪਰ ਮੁਗ਼ਲਾਂ ਨੇ ਹਮਲਾ ਬੋਲ ਦਿੱਤਾ।
ਪਰਿਵਾਰ ਵਿਛੜ ਗਿਆ। ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਵੱਖ ਹੋ ਗਏ...ਵੱਡੇ ਸਾਹਿਬਜ਼ਾਦਿਆਂ ਨਾਲ ਉਹ ਚਮਕੌਰ ਦੀ ਗੜ੍ਹੀ ਪੁੱਜ ਗਏ, ਜਿੱਥੇ ਬਹਾਦਰੀ ਨਾਲ ਲੜਦਿਆਂ ਦੋਵਾਂ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਜਾਮ ਪੀ ਲਏ। ਚਮਕੌਰ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ, ਰਾਮਪੁਰ, ਆਲਮਗੀਰ, ਮੋਹੀ, ਹੇਰਾਂ ਹੁੰਦੇ ਹੋਏ ਜੱਟਪੁਰੇ ਪੁੱਜੇ ਤਾਂ ਮਾਲਵੇ ਦੀਆਂ ਸੰਗਤਾਂ ਉਨ੍ਹਾਂ ਨੂੰ ਦੀਨੇ ਲੈ ਆਈਆਂ। ਇੱਥੇ ਹੀ ਉਨ੍ਹਾਂ ਨੂੰ ਕਿਸੇ ਨੇ ਸੂਹ ਦਿੱਤੀ ਕਿ ਸਰਹੰਦ ਦੇ ਸੂਬਾ ਨਵਾਬ ਖ਼ਾਂ ਦੀਆਂ ਫ਼ੌਜਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਹੋਈਆਂ ਮਾਲਵੇ ਦੇ ਖੇਤਰ 'ਚ ਪੁੱਜ ਗਈਆਂ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧਨੀਤੀ ਨੂੰ ਮੁੱਖ ਰੱਖਦਿਆਂ ਦੀਨੇ ਤੋਂ ਕਾਂਗੜ, ਜੈਤੋ ਤੋਂ ਕੋਟਕਪੂਰਾ ਹੁੰਦੇ ਖਿਦਰਾਣੇ ਦੀ ਢਾਬ ਉਪਰ ਆ ਡੇਰੇ ਲਾਏ ਤੇ ਆਪ ਉੱਚੀ ਟਿੱਬੀ ਉਤੇ ਬਿਰਾਜਮਾਨ ਹੋ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕ ਫ਼ੌਜਾਂ ਨੇ 'ਖਿਦਰਾਣੇ ਦੀ ਢਾਬ' ਨੂੰ ਆ ਘੇਰਿਆ ਤੇ ਲੜਾਈ ਸ਼ੁਰੂ ਹੋ ਗਈ।
ਮਰਜੀਵੜੇ ਸਿੰਘਾਂ ਨੇ ਤੁਰਕ ਫ਼ੌਜਾਂ ਦੇ ਛੱਕੇ ਛੁਡਵਾ ਦਿੱਤੇ ਤੇ ਉਹ ਮੈਦਾਨ ਛੱਡ ਕੇ ਭੱਜ ਗਈਆਂ। ਇਸ ਲੜਾਈ 'ਚ ਮਾਝੇ ਦੇ ਉਹ ਸਿੱਖ ਜਿਹੜੇ ਆਨੰਦਪੁਰ ਦੇ ਕਿਲ੍ਹੇ ਦੀ ਘੇਰਾਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਸਾਥ ਛੱਡ ਗਏ ਸਨ, ਉਹ ਵੀ ਮਾਈ ਭਾਗੋ ਦੀ ਅਗਵਾਈ 'ਚ ਖਿਦਰਾਣੇ ਦੀ ਲੜਾਈ 'ਚ ਆ ਸ਼ਾਮਲ ਹੋਏ ਤੇ ਫ਼ੌਜ ਨਾਲ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਜੰਗ-ਏ-ਮੈਦਾਨ ਵਿੱਚ ਆ ਕੇ ਸੂਰਵੀਰ ਸਿੰਘਾਂ ਨੂੰ ਵੇਖਿਆ-ਭਾਈ ਮਹਾਂ ਸਿੰਘ ਨੇ ਉਨ੍ਹਾਂ ਕੋਲੋਂ ਬੇਦਾਵਾ ਪੱਤਰ ਚਾਕ ਕਰਵਾ ਕੇ ਇੱਥੇ ਟੁੱਟੀ ਸਿੱਖੀ ਗੰਢੀ ਤੇ ਕਲਗੀਧਰ ਨੇ ਸ਼ਹੀਦ ਸਿੰਘ ਨੂੰ ਮੁਕਤ-ਪਦਵੀ ਬਖ਼ਸ਼ ਕੇ ਢਾਬ ਦਾ ਨਾਂ 'ਮੁਕਤਸਰ' ਰੱਖਿਆ ਅਤੇ ਆਪਣੇ ਹੱਥੀਂ ਸ਼ਹੀਦਾਂ ਦਾ ਦਾਹ-ਸਸਕਾਰ ਕੀਤਾ।
ਉਨ੍ਹਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸ਼ਹੀਦ ਗੰਜ ਸੁਸ਼ੋਭਿਤ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਇੱਥੇ ਮਾਘ ਦੀ ਸੰਗਰਾਂਦ ਨੂੰ ਮਾਘੀ ਦਾ ਮੇਲਾ ਭਰਦਾ ਹੈ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ, ਜਿੱਥੇ ਸਰੋਵਰ 'ਚ ਇਸ਼ਨਾਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਦੀਆਂ ਹਨ, ਉੱਥੇ ਉਹ ਗੁਰਦੁਆਰਾ ਸ਼ਹੀਦ ਗੰਜ, ਟਿੱਬੀ ਸਾਹਿਬ ਤੇ ਤੰਬੂ ਸਾਹਿਬ ਆਦਿ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੀਆਂ ਹਨ।
ਗੁਰਦੁਆਰਾ ਸ੍ਰੀ ਤੰਬੂ ਸਾਹਿਬ
ਖਿਦਰਾਣੇ ਦੀ ਜੰਗ ਦੌਰਾਨ ਇਸ ਸਥਾਨ ਤੇ ਗੁਰੂ ਜੀ ਦੀਆਂ ਫੌਜਾਂ ਨੇ ਕਰੀਰ, ਮਲ੍ਹੇ, ਝਾੜੀਆਂ ਆਦਿ ਜੰਗਲੀ ਦਰੱਖਤਾਂ ਉਪਰ ਆਪਣੀਆਂ ਚਾਦਰਾਂ ਅਤੇ ਹੋਰ ਬਸਤਰ ਪਾ ਕੇ ਫੌਜੀ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਇਆ ਸੀ; ਇਸ ਜੰਗੀ ਨੁਕਤੇ ਕਾਰਨ ਕਿ ਦੁਸ਼ਮਣ ਖ਼ਾਲਸਾ ਫੌਜ ਦੀ ਗਿਣਤੀ ਵੱਡੀ ਲੱਗੇ। ਅਸਲ ਵਿਚ ਉਸ ਸਮੇਂ ਗੁਰੂ ਜੀ ਨਾਲ ਬਹੁਤ ਥੋੜ੍ਹੇ ਸਿੰਘ ਸਨ। ਇਹ ਗੁਰੂ ਜੀ ਦੇ ਜੰਗੀ ਹੁਨਰ ਦਾ ਕਮਾਲ ਸੀ ਕਿ ਥੋੜ੍ਹੀ ਫੌਜ ਦੇ ਹੁੰਦਿਆਂ ਵੀ ਦੁਸ਼ਮਣ ਦੇ ਹੌਸਲੇ ਪਸਤ ਕਰਨ ਲਈ ਇਹ ਤਰੀਕਾ ਅਪਣਾਇਆ।
ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ
ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਜਿਸ ਜਗ੍ਹਾ ਸਸਕਾਰ ਕੀਤਾ, ਉਸ ਜਗ੍ਹਾ ਤੇ ਇਹ ਗੁਰਦੁਆਰਾ ਹੈ। ਇਸ ਸਥਾਨ ਤੇ 12 ਫਰਵਰੀ (21 ਵਿਸਾਖ) ਤਂੋ 3 ਮਈ ਤੱਕ ਚਾਲੀ ਮੁਕਤਿਆ ਦੀ ਯਾਦ ਵਿਚ ਅਖੰਡ ਪਾਠਾਂ ਦੇ ਲੜੀਵਾਰ ਭੋਗ ਪਾਏ ਜਾਂਦੇ ਹਨ। ਵਰਨਣਯੋਗ ਹੈ ਕਿ ਖਿਦਰਾਣੇ ਦੀ ਢਾਬ ਅਤੇ ਇਸ ਜਗ੍ਹਾ ਜੰਗ ਗਰਮੀ ਦੇ ਮੌਸਮ ਵਿਚ ਲੜੀ ਗਈ ਸੀ ਪਰ ਇਸ ਨਾਲ ਸੰਬੰਧਿਤ ਉਤਸਵ ਮਾਘੀ ਦੇ ਮਹੀਨੇ ਮਨਾਇਆ ਜਾਂਦਾ ਹੈ ਕਿਉਂਕਿ ਪੁਰਾਣੇ ਸਮਿਆਂ ਵਿਚ ਪਾਣੀ ਦੀ ਘਾਟ ਅਤੇ ਰੇਤਲਾ ਇਲਾਕਾ ਹੋਣ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।
ਗੁਰਦੁਆਰਾ ਸ੍ਰੀ ਟਿੱਬੀ ਸਾਹਿਬ
ਜੰਗੀ ਨੁਕਤਾ ਧਿਆਨ ਵਿਚ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਟਿੱਬੀ ਉਤੇ ਮੋਰਚਾ ਲਾਇਆ ਹੋਇਆ ਸੀ ਜਿੱਥੋਂ ਉਹ ਫੌਜ ਦੀ ਕਮਾਂਡ ਵੀ ਸੰਭਾਲਦੇ ਸਨ ਅਤੇ ਆਪਣੇ ਤੀਰਾਂ ਦੀ ਵਰਖਾ ਨਾਲ ਦੁਸ਼ਮਣਾਂ ਨੂੰ ਭਾਜੜ ਵੀ ਪਾ ਰਹੇ ਸਨ। ਇਹ ਗੁਰਦੁਆਰਾ ਸ਼ਹਿਰ ਦੀ ਪੱਛਮੀ ਬਾਹੀ ਤੇ ਹੈ।
ਗੁਰਦੁਆਰਾ ਰਕਾਬਸਰ ਸਾਹਿਬ
ਇਸ ਸਥਾਨ ਉਤੇ ਗੁਰੂ ਜੀ ਦੇ ਘੋੜੇ ਦੀ ਰਕਾਬ ਡਿੱਗੀ ਸੀ। ਇਹ ਰਕਾਬ ਹੁਣ ਵੀ ਦਰਸ਼ਨਾਂ ਵਾਸਤੇ ਰੱਖੀ ਹੋਈ ਹੈ। ਇਥੇ ਸਰੋਵਰ ਵੀ ਬਣਿਆ ਹੋਇਆ ਹੈ।
ਗੁਰਦੁਆਰਾ ਦਾਤਣਸਰ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿਚ ਸਰੀਰ ਦੀ ਨਿਯਮਬੱਧ ਸਫਾਈ ਵੀ ਸ਼ਾਮਿਲ ਹੈ। ਗੁਰੂ ਜੀ ਨੇ ਲੜਾਈ ਦੇ ਕਠਿਨ ਸਮੇਂ ’ਚ ਵੀ ਨਿਤਨੇਮ ਨਹੀਂ ਛੱਡਿਆ। ਨਿਤਨੇਮ ਅਨੁਸਾਰ ਗੁਰੂ ਜੀ ਸਵੇਰੇ ਸਵੱਖਤੇ ਉੱਠ ਕੇ ਦਾਤਣ ਕੁਰਲਾ ਕਰਦੇ ਸਨ। ਇਸ ਸਥਾਨ ਤੇ ਗੁਰਦੁਆਰਾ ਦਾਤਣਸਰ ਹੈ।
- PTC NEWS