CM ਮਾਨ ਵੱਲੋਂ ਬਠਿੰਡਾ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦਾ ਐਲਾਨ
ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਦੀਆਂ ਝੀਲਾਂ ਦਾ ਨਵੀਨੀਕਰਨ ਕਰਕੇ ਸ਼ਹਿਰ ਨੂੰ ਸੂਬੇ ਖ਼ਾਸ ਤੌਰ ਉਤੇ ਮਾਲਵਾ ਖ਼ਿੱਤੇ ਵਿੱਚ ਟੂਰਿਸਟ ਹੱਬ ਵਜੋਂ ਉਭਾਰਨ ਦੀ ਐਲਾਨ ਕੀਤਾ। ਇੱਥੇ ਲੇਕ ਵਿਊ ਵਿਖੇ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਬੈਠਕ ਦੌਰਾਨ ਮੁੱਖ ਮੰਤਰੀ ਨੇ ਵਿਕਾਸ ਕਾਰਜਾਂ ਤੇ ਸਮੱਸਿਅਵਾਂ ਬਾਰੇ ਜਾਣਿਆ। ਭਗਵੰਤ ਮਾਨ ਨੇ ਪਹਿਲ ਦੇ ਆਧਾਰ ਉੱਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸ਼ਹਿਰ ਵਿੱਚ ਟਰੈਫ਼ਿਕ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੇ ਮੱਦੇਨਜ਼ਰ ਤੇ ਨਵੇਂ ਬੱਸ ਸਟੈਂਡ ਦੀ ਮੰਗ ਰੱਖੀ, ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਨੂੰ ਇੱਕ ਹੋਰ ਨਵਾਂ ਬੱਸ ਸਟੈਂਡ ਜਲਦ ਦਿੱਤਾ ਜਾਵੇਗਾ। ਇਸ ਮੌਕੇ ਬਠਿੰਡਾ ਸ਼ਹਿਰ ਵਾਸੀਆਂ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਨੇ ਝੀਲ ਨੰਬਰ ਇਕ ਨੂੰ ਪਾਣੀ ਦੇ ਟੈਂਕ ਵਜੋਂ ਵਰਤਣ ਲਈ ਕਾਰਪੋਰੇਸ਼ਨ ਤੇ ਪਾਵਰਕੌਮ ਨੂੰ ਸਾਂਝੇ ਤੌਰ ਤੇ ਇਸ ਪ੍ਰੋਜੈਕਟ ਨੂੰ ਜਲਦ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਸ਼ਹਿਰ ਨੂੰ ਮਾਲਵੇ ਵਿੱਚ ਟੂਰਿਸਟ ਹੱਬ ਵਜੋਂ ਵਿਕਾਸਤ ਕਰਨ ਦੇ ਮੱਦੇਨਜ਼ਰ ਬਠਿੰਡਾ ਝੀਲਾਂ ਦੇ ਨਵੀਨੀਕਰਨ ਦੇ ਪ੍ਰੋਜੈਕਟ ਨੂੰ ਵੀ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਚੱਕਰਵਿਊ ਵਿੱਚੋਂ ਬਾਹਰ ਕੱਢ ਕੇ ਘੱਟ ਖ਼ਰਚੇ ਤੇ ਵੱਧ ਆਮਦਨ ਵਾਲੀਆਂ ਫ਼ਸਲਾਂ ਦੀ ਕਾਸ਼ਤ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਹੋਰ ਵਾਧਾ ਕੀਤਾ ਜਾ ਸਕੇ।
ਇਸ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਦੇ ਮੱਦੇਨਜ਼ਰ ਨਵੇਂ ਕਲਾਸਰੂਮ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ।
- PTC NEWS