ਕੋਟਕਪੂਰਾ ਘਟਨਾ ਨੂੰ ਲੈ ਕੇ ਸਖ਼ਤ ਮੁੱਖ ਮੰਤਰੀ ਭਗਵੰਤ ਮਾਨ, ਸੂਬੇ ਭਰ 'ਚ ਨਾਕੇਬੰਦੀ ਅਤੇ ਪਹਿਰਾ ਵਧਾਉਣ ਦੇ ਹੁਕਮ
ਚੰਡੀਗੜ੍ਹ, 10 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦਿਆਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੇ ਨਾਪਾਕ ਮਨਸੂਬੇ ਕਿਸੇ ਵੀ ਕੀਮਤ ਉਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ।
ਅੱਜ ਇੱਥੇ ਅਮਨ-ਕਾਨੂੰਨ ਦੀ ਵਿਵਸਥਾ ਦਾ ਜਾਇਜ਼ਾ ਲੈਣ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੋਟਕਪੂਰਾ ਵਿਚ ਡੇਰਾ ਪ੍ਰੇਮੀ ਦੀ ਹੱਤਿਆ ਦੇ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੇ ਹੁਕਮ ਦਿੱਤੇ ਤਾਂ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਮਿਸਾਲੀ ਸਜ਼ਾ ਦਿਵਾਈ ਜਾ ਸਕੇ। ਇਸ ਦੌਰਾਨ ਸੀਨੀਅਰ ਪੁਲਿਸ ਅਫ਼ਸਰਾਂ ਨੇ ਮੁੱਖ ਮੰਤਰੀ ਨੂੰ ਇਸ ਘਟਨਾ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ਦੀ ਹਰੇਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਕੇਸ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਕਾਨੂੰਨੀ ਸਿੱਟੇ ਉਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਅਪਰਾਧਿਕ ਘਟਨਾ ਨੂੰ ਜਾਤ ਜਾਂ ਮਜ਼ਹਬ ਦੀ ਸੰਕੀਰਣ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ ਅਤੇ ਇਸ ਜੁਰਮ ਨੂੰ ਅੰਜ਼ਾਮ ਦੇਣ ਵਾਲੇ ਕਿਸੇ ਵੀ ਸੂਰਤ ਵਿਚ ਬਖਸ਼ੇ ਨਹੀਂ ਜਾਣਗੇ।
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਅਜਿਹੀਆਂ ਘਟਨਾਵਾਂ ਰਾਹੀਂ ਸਾਡੀ ਸਦੀਆਂ ਪੁਰਾਣੀ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ, ਆਪਸੀ ਪਿਆਰ ਅਤੇ ਏਕਤਾ ਦੀਆਂ ਮਜ਼ਬੂਤ ਤੰਦਾਂ ਨੂੰ ਢਾਹ ਲਾਉਣ ਦੀਆਂ ਘਟੀਆ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ ਉਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮੈਂ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਡੀ ਸਰਕਾਰ ਹਰ ਹਾਲ ਵਿਚ ਅਮਨ-ਸ਼ਾਂਤੀ ਕਾਇਮ ਰੱਖੇਗੀ ਅਤੇ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ।”
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸੀਨੀਅਰ ਅਫ਼ਸਰਾਂ ਨੂੰ ਸੂਬੇ ਭਰ 'ਚ ਨਾਕੇਬੰਦੀ ਅਤੇ ਸ਼ਹਿਰਾਂ 'ਚ ਪੁਲਸ ਦੀ ਥਾਂ ਥਾਂ ਤਾਇਨਾਤੀ 'ਤੇ ਜ਼ੋਰ ਦੇਣ ਲਈ ਕਿਹਾ ਤੇ ਨਾਲ ਹੀ ਲਾਇਸੰਸੀ ਹਥਿਆਰਾਂ ਦੀ ਸਮੀਖਿਆ ਕਰਨ ਦੇ ਵੀ ਆਦੇਸ਼ ਦਿੱਤੇ ਤਾਂ ਕਿ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਹਥਿਆਰਾਂ ਦੀ ਵਰਤੋਂ ਬਾਰੇ ਪਤਾ ਲਾਇਆ ਜਾ ਸਕੇ।
ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਭਗਵੰਤ ਮਾਨ ਨੇ ਪੁਲਿਸ ਫੋਰਸ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਆਧੁਨਿਕ ਲੀਹਾਂ ਉਤੇ ਸਿਖਲਾਈ ਦੇਣ ਦੇ ਆਦੇਸ਼ ਦਿੱਤੇ ਤਾਂ ਕਿ ਪੁਲਿਸ ਫੋਰਸ ਨੂੰ ਹੋਰ ਮੁਸਤੈਦ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਿਸ ਫੋਰਸ ਦਾ ਸ਼ਾਨਦਾਰ ਪਿਛੋਕੜ ਰਿਹਾ ਹੈ ਜਿਸ ਨੇ ਅੱਤਵਾਦ ਦੇ ਕਾਲੇ ਦੌਰ ਦਾ ਡਟ ਕੇ ਸਾਹਮਣਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਆਪਣੀਆਂ ਪੇਸ਼ੇਵਾਰ ਸੂਝ-ਬੂਝ ਰਾਹੀਂ ਬੀਤੇ ਸਮੇਂ ਵਿਚ ਕਈ ਸੰਵੇਦਨਸ਼ੀਲ ਮਾਮਲਿਆਂ ਨੂੰ ਸੁਲਝਾਇਆ। ਉਨ੍ਹਾਂ ਕਿਹਾ ਕਿ ਪੁਲਿਸ ਫੋਰਸ ਸੂਬੇ ਦੇ ਸ਼ਾਂਤਮਈ ਮਾਹੌਲ ਵਿਚ ਕੁੜੱਤਣ ਪੈਦਾ ਕਰਨ ਦੀਆਂ ਚਾਲਾਂ ਚੱਲਣ ਵਾਲੇ ਅਨਸਰਾਂ ਨਾਲ ਕਰੜੇ ਹੱਥੀਂ ਨਿਪਟੇਗੀ।
- PTC NEWS