ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੂੰ 65 ਰਾਸ਼ਟਰੀ ਟੀਵੀ ਚੈਨਲਾਂ 'ਤੇ ਦਿਖਾਉਣ ਲਈ ਅੱਠ ਦਿਨਾਂ ਵਿੱਚ 6.5 ਕਰੋੜ ਰੁਪਏ ਖਰਚ ਕੀਤੇ ਗਏ ਹਨ । ਇਕ ਸਾਲ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਟੀਵੀ ਉੱਤੇ ਦਿਖਾਉਣ ਲਈ 300 ਕਰੋੜ ਰੁਪਏ ਖਰਚ ਹੋ ਸਕਦੇ ਹਨ। ਇਹ ਪ੍ਰਿੰਟ ਮੀਡੀਆ, ਵੈੱਬਸਾਈਟਾਂ ਅਤੇ ਰੇਡੀਓ ਮੀਡੀਆ ਦੇ ਖਰਚਿਆਂ ਤੋਂ ਇਲਾਵਾ ਹੈ।ਇਹ ਖੁਲਾਸਾ ਕਾਂਗਰਸੀ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਖਰਚੇ ਦੀ ਪੂਰੀ ਡਿਟੇਲ ਸ਼ੇਅਰ ਕੀਤੀ ਹੈ।ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਸਨ, ਜਿਨ੍ਹਾਂ ਨੇ ਉਨ੍ਹਾਂ 'ਤੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਜਰਾਤ ਵਿੱਚ ਦਿੱਲੀ ਦੇ ਫੇਲ੍ਹ ਸਿੱਖਿਆ ਮਾਡਲ ਦੀ ਮਸ਼ਹੂਰੀ ਲਈ ਕਰੋੜਾਂ ਰੁਪਏ ਖਰਚਣ ਦਾ ਇਲਜ਼ਾਮ ਲਗਾਇਆ ਸੀ।ਵਿਰੋਧੀ ਧਿਰ ਦੇ ਆਗੂਆਂ ਨੇ ਇਲਜ਼ਾਮ ਲਾਇਆ ਸੀ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਸ਼ਲ ਮੀਡੀਆ 'ਤੇ ਹਰ ਰੋਜ਼ ਲੱਖਾਂ ਰੁਪਏ ਦੇ ਇਸ਼ਤਿਹਾਰਾਂ ਨਾਲ ਸ਼ਲਾਘਾ ਕਰ ਰਹੀ ਹੈ।ਭਗਵੰਤ ਮਾਨ ਨੇ ਪਿਛਲੇ ਸਾਲ 16 ਮਾਰਚ ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਇਸ਼ਤਿਹਾਰਾਂ 'ਤੇ ਅੰਦਾਜ਼ਨ ਔਸਤ ਖਰਚੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਾਨ ਸਰਕਾਰ ਨੇ ਆਪਣੇ ਸ਼ਾਸਨ ਦੇ 200 ਦਿਨਾਂ (30 ਸਤੰਬਰ ਤੱਕ 6.5 ਮਹੀਨੇ) ਦੌਰਾਨ ਪ੍ਰਚਾਰ 'ਤੇ 400 ਕਰੋੜ ਰੁਪਏ ਖਰਚ ਕੀਤੇ ਹਨ।ਜਦੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਫੋਨ ਨੰਬਰ ਸ਼ੁਰੂ ਕੀਤਾ ਗਿਆ ਸੀ, ਤਾਂ ਕਥਿਤ ਤੌਰ 'ਤੇ ਇਸ ਨੂੰ ਟੀਵੀ ਚੈਨਲਾਂ 'ਤੇ 14.50 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਚਾਰਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਗੁਜਰਾਤ ਵਿੱਚ 1.60 ਕਰੋੜ ਰੁਪਏ ਅਤੇ ਯੂਪੀ ਵਿੱਚ 75 ਲੱਖ ਰੁਪਏ ਮੀਡੀਆ ਹਾਊਸਾਂ ਨੂੰ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਿੰਟ ਅਤੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰਾਂ 'ਤੇ ਪੈਸਾ ਖਰਚ ਕੀਤਾ ਗਿਆ।ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਸਰਕਾਰੀ ਖਜ਼ਾਨੇ ਦੀ ਸ਼ਰੇਆਮ ਲੁੱਟ ਹੈ ਅਤੇ ਕਾਂਗਰਸ ਨੇ ਇਸ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।