Punjab School Principals Singapore Tour : ਸੀਐਮ ਭਗਵੰਤ ਮਾਨ ਨੇ ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਸਿੰਗਾਪੁਰ ਲਈ ਕੀਤਾ ਰਵਾਨਾ
ਚੰਡੀਗੜ੍ਹ: ਪੰਜਾਬ ਵਿਚ ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਚ ਸਿਖਲਾਈ ਦਿਵਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਲੜੀ ਤਹਿਤ ਅੱਜ ਸਕੂਲ ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਚੰਡੀਗੜ੍ਹ ਤੋਂ ਸਿੰਗਾਪੁਰ ਲਈ ਰਵਾਨਾ ਕੀਤਾ। ਸੀਐਮ ਮਾਨ ਨੇ ਅੱਜ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ ਤੋਂ ਦੂਜੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪ੍ਰਿੰਸੀਪਲਾਂ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ 30 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਵਾਸਤੇ ਰਵਾਨਾ ਕੀਤਾ ਗਿਆ ਹੈ। ਜਿਨ੍ਹਾਂ ਦੀ 4 ਮਾਰਚ ਤੋਂ ਟ੍ਰੇਨਿੰਗ ਹੋਵੇਗੀ ਅਤੇ 11 ਮਾਰਚ ਨੂੰ ਵਾਪਸ ਆਉਣਗੇ। ਸਿੰਗਾਪੁਰ ਵਾਸਤੇ ਟ੍ਰੇਨਿੰਗ ਜਾਣ ਲਈ ਪ੍ਰਿੰਸੀਪਲ ਚੋਣ ਪ੍ਰਕਿਰਿਆ ਦੀ ਗੱਲ ਕਰਦਿਆਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕ 5 ਮੈਂਬਰੀ ਕਮੇਟੀ ਪ੍ਰਿੰਸੀਪਲਾਂ ਦੀ ਚੋਣ ਕਰਦੀ ਹੈ।
ਕਾਬਿਲੇਗੌਰ ਹੈ ਕਿ ਪਿਛਲੇ ਕੁੱਝ ਦਿਨ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਪਰਤਿਆ ਹੈ। ਇਸ ਬੈਚ 'ਚ 36 ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਸਨ। ਪ੍ਰਿੰਸੀਪਲਾਂ ਦੇ ਪਰਤਣ ਪਿੱਛੋਂ ਐਸਬੀਵੀ ਰੌਜ਼ ਐਵੇਨਿਊ ਸਰਕਾਰੀ ਸਕੂਲ ਨਵੀਂ ਦਿੱਲੀ ਵਿਖੇ ਤਜਰਬੇ ਸਾਂਝੇ ਲਈ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ ਸੀ।
ਗ਼ੌਰਤਲਬ ਹੈ ਕਿ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ 4 ਫਰਵਰੀ ਨੂੰ ਸਿੰਗਾਪੁਰ ਲਈ ਰਵਾਨਾ ਹੋਇਆ ਸੀ। 6 ਫਰਵਰੀ ਤੋਂ 10 ਫਰਵਰੀ ਤੱਕ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਨ੍ਹਾਂ ਪ੍ਰਿੰਸੀਪਲਾਂ ਦੀ 11 ਫਰਵਰੀ ਨੂੰ ਵਾਪਸੀ ਹੋਈ ਸੀ। ਪ੍ਰਿੰਸੀਪਲਾਂ ਨੇ ਵਿਸ਼ੇਸ਼ ਸਿਖਲਾਈ ਹਾਸਲ ਕੀਤੀ, ਜਿਸ ਨੂੰ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ। ਇਸ ਨਾਲ ਪੰਜਾਬ ਦੇ ਵਿਦਿਅਕ ਪੱਧਰ ਵਿਚ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ : Punjab Budget Session : ਪੰਜਾਬ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ, ਰਾਜਪਾਲ ਦੇ ਭਾਸ਼ਣ ’ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ
ਕਾਬਿਲੇਗੌਰ ਹੈ ਕਿ ਪੰਜਾਬ ਦੇ ਪ੍ਰਿੰਸੀਪਲ ਸਿੰਗਾਪੁਰ 'ਚ ਸਿਖਲਾਈ ਲਈ ਰਵਾਨਾ ਹੋਏ ਸਨ ਤੇ ਪ੍ਰਿੰਸੀਪਲਾਂ ਦੀ ਚੋਣ ਨੂੰ ਲੈਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਕਈ ਸਵਾਲ ਖੜ੍ਹੇ ਕੀਤੇ ਸਨ। ਰਾਜਪਾਲ ਨੇ ਕਿਹਾ ਕਿ ਪ੍ਰਿੰਸੀਪਲਾਂ ਦੀ ਚੋਣ ਕਿਸ ਪੈਮਾਨੇ ਤਹਿਤ ਹੋਈ, ਪ੍ਰਿੰਸੀਪਲਾਂ ਦੀ ਚੋਣ ਲਈ ਪੰਜਾਬ ਸਰਕਾਰ ਨੇ ਕਿਹੜਾ ਇਸ਼ਤਿਹਾਰ ਜਨਤਕ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਮਾਨ ਇਹ ਵੀ ਦੱਸਣ ਕਿ ਪ੍ਰਿੰਸੀਪਲ ਇਸ ਵਿੱਦਿਅਕ ਸੈਸ਼ਨ ਦੌਰਾਨ ਕੀ ਖ਼ਾਸ ਸਿਖ ਆਏ ਸਨ ਤੇ ਉਨ੍ਹਾਂ 'ਤੇ ਕਿੰਨਾ ਖ਼ਰਚਾ ਹੋਇਆ ਹੈ। ਇਸ ਮਗਰੋਂ ਸੀਐਮ ਭਗਵੰਤ ਮਾਨ ਨੇ ਰਾਜਪਾਲ ਦੀ ਨਿਯੁਕਤੀ ਉਤੇ ਸਵਾਲ ਖੜ੍ਹੇ ਕੀਤੇ ਸਨ। ਇਸ ਮਗਰੋਂ ਵਿਵਾਦ ਕਾਫੀ ਭਖ ਗਿਆ ਸੀ।
- PTC NEWS