CM ਮਾਨ ਨੂੰ ਪੈਰਿਸ ਜਾਣ ਦੀ ਨਹੀਂ ਮਿਲੀ ਮਨਜ਼ੂਰੀ, ਕੇਂਦਰ ਸਰਕਾਰ ਨੇ ਕੀਤੀ ਨਾਂਹ, ਜਾਣੋ ਕਾਰਨ
MHA denies CM Mann Paris Travel : ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਨਹੀਂ ਜਾਣ ਦਿੱਤਾ। ਸੀਐਮ ਮਾਨ ਨੇ ਅੱਜ ਪੈਰਿਸ ਲਈ ਉਡਾਣ ਭਰਨੀ ਸੀ, ਪਰ ਕੇਂਦਰ ਵੱਲੋਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਵਿਦੇਸ਼ ਮੰਤਰਾਲੇ ਨੇ ਮਾਨ ਨੂੰ ਪੈਰਿਸ ਜਾਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਸੁਰੱਖਿਆ ਕਾਰਨਾਂ ਕਰਕੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦਫ਼ਤਰ ਨੂੰ ਸ਼ੁੱਕਰਵਾਰ ਦੇਰ ਸ਼ਾਮ ਨੂੰ ਯਾਤਰਾ ਦੀ ਇਜਾਜ਼ਤ ਨਾ ਮਿਲਣ ਦੀ ਸੂਚਨਾ ਮਿਲੀ। ਓਲੰਪਿਕ ਵਿੱਚ ਭਾਗ ਲੈਣ ਵਾਲੀ ਹਾਕੀ ਟੀਮ ਦਾ ਉਤਸ਼ਾਹ ਵਧਾਉਣ ਲਈ ਸੀਐਮ ਮਾਨ ਪੈਰਿਸ ਜਾਣਾ ਚਾਹੁੰਦੇ ਸਨ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਕੇਂਦਰੀ ਸੁਰੱਖਿਆ ਹੈ, ਇਸ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।
ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ
ਪੈਰਿਸ ਓਲੰਪਿਕ 2024 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੇਲੀਆ ਨੂੰ 3-2 ਨਾਲ ਹਰਾ ਕੇ 52 ਸਾਲਾਂ ਬਾਅਦ ਓਲੰਪਿਕ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ। 1972 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਆਸਟਰੇਲੀਆ ਨੂੰ ਹਰਾਇਆ। ਇਸ ਨਾਲ ਭਾਰਤੀ ਹਾਕੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।
22 ਹਾਕੀ ਖਿਡਾਰੀ ਵਿੱਚੋਂ 19 ਪੰਜਾਬ ਦੇ ਹਨ
ਓਲੰਪਿਕ ਵਿੱਚ ਕੁੱਲ 22 ਹਾਕੀ ਖਿਡਾਰੀ ਹਨ, ਜਿਨ੍ਹਾਂ ਵਿੱਚੋਂ 19 ਪੰਜਾਬ ਦੇ ਹਨ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਮੇਰੇ ਕੋਲ ਲਾਲ ਰੰਗ ਦਾ ਡਿਪਲੋਮੈਟਿਕ ਪਾਸਪੋਰਟ ਹੈ, ਜੋ ਸੀਨੀਅਰ ਸਿਆਸੀ ਨੇਤਾਵਾਂ ਲਈ ਹੈ ਜੋ ਉਨ੍ਹਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦਾ ਵੀਜ਼ਾ ਦੇਣ ਦੀ ਆਪਣੇ ਆਪ ਗਾਰੰਟੀ ਦਿੰਦਾ ਹੈ।
ਮੈਡਲ ਸੂਚੀ ਵਿੱਚ 48ਵੇਂ ਨੰਬਰ 'ਤੇ ਹੈ ਭਾਰਤ
ਪੈਰਿਸ ਓਲੰਪਿਕ 'ਚ ਭਾਰਤ ਤਮਗਾ ਸੂਚੀ 'ਚ 48ਵੇਂ ਨੰਬਰ 'ਤੇ ਹੈ। ਭਾਰਤ ਨੇ ਹੁਣ ਤੱਕ ਤਿੰਨ ਤਗਮੇ ਜਿੱਤੇ ਹਨ। ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਤਿੰਨੋਂ ਕਾਂਸੀ ਦੇ ਤਗਮੇ ਮਿਲੇ ਹਨ। ਚੀਨ ਪਹਿਲੇ ਸਥਾਨ 'ਤੇ ਹੈ, ਜਿਸ ਨੇ ਕੁੱਲ 31 ਤਗਮੇ ਜਿੱਤੇ ਹਨ। ਇਸ ਵਿੱਚ 13 ਸੋਨ, 9 ਚਾਂਦੀ ਅਤੇ 9 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਦੇ ਨਾਲ ਹੀ ਫਰਾਂਸ 36 ਤਗਮਿਆਂ ਨਾਲ ਦੂਜੇ ਸਥਾਨ 'ਤੇ ਹੈ। ਆਸਟ੍ਰੇਲੀਆ ਤੀਜੇ ਸਥਾਨ (22 ਤਗਮੇ) 'ਤੇ ਹੈ।
ਇਹ ਵੀ ਪੜ੍ਹੋ: Punjab Weather : ਤਾਪਮਾਨ ’ਚ ਵਾਧਾ, ਜਾਣੋ ਕਦੋਂ ਤੋਂ ਬਦਲੇਗਾ ਚੰਡੀਗੜ੍ਹ ਤੇ ਪੰਜਾਬ ਦਾ ਮੌਸਮ
- PTC NEWS