Moga News : 11ਵੀਂ ਜਮਾਤ ਦੇ ਵਿਦਿਆਰਥੀ ਦੀ ਨਹਿਰ 'ਚ ਡੁੱਬਣ ਕਾਰਨ ਮੌਤ, ਸਕੂਲੋਂ ਆਉਂਦਿਆਂ ਗਿਆ ਸੀ ਨਹਾਉਣ
Moga News : ਮੋਗਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਲੰਡੇਕੇ ਕਾਲੋਨੀ ਦੇ ਇੱਕ ਬੱਚੇ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਬੱਚਾ 11ਵੀਂ ਜਮਾਤ ਦਾ ਵਿਦਿਆਰਥੀ ਸੀ, ਜੋ ਕਿ ਸਕੂਲ ਤੋਂ ਵਾਪਸ ਆਉਂਦੇ ਸਮੇਂ ਨਹਿਰ 'ਚ ਨਹਾਉਣ ਲਈ ਚਲਾ ਗਿਆ ਸੀ, ਪਰੰਤੂ ਘਰ ਵਾਪਸ ਜਾਣ ਦੀ ਥਾਂ ਉਸ ਦੇ ਡੁੱਬਣ ਦੀ ਖ਼ਬਰ ਪਹੁੰਚੀ।
ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਮੋਗਾ ਦੇ ਨਾਲ ਲੱਗਦੀ ਕਲੋਨੀ ਲੰਡੇਕੇ ਵਿੱਚ ਜਸਪ੍ਰੀਤ ਜੱਸੂ ਨਾਮਕ 11ਵੀਂ ਜਮਾਤ ਦਾ ਵਿਦਿਆਰਥੀ ਕੱਲ੍ਹ ਦੁਪਹਿਰ 2 ਵਜੇ ਸਕੂਲ ਤੋਂ ਬਾਅਦ ਘਰ ਨਹੀਂ ਪਹੁੰਚਿਆ ਤਾਂ ਰਾਤ ਨੂੰ ਉਸ ਦੇ ਦੋਸਤਾਂ ਨੇ ਦੱਸਿਆ ਕਿ ਜੱਸੂ ਨਹਿਰ 'ਚ ਨਹਾਉਣ ਲਈ ਜਾ ਰਿਹਾ ਸੀ, ਜਿਸ ਤੋਂ ਬਾਅਦ ਮਾਪਿਆਂ 'ਚ ਹਾਹਾਕਾਰ ਮੱਚ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਪਿੱਛੋਂ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਜੱਸੂ ਦੀ ਲਾਸ਼ ਨੂੰ ਨਹਿਰ 'ਚੋਂ ਕੱਢ ਲਿਆ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ।
ਘਟਨਾ ਦੀ ਸੀਸੀਟੀਵੀ ਆਈ ਸਾਹਮਣੇ
ਬੱਚੇ ਜੱਸੂ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣਾ ਬੈਗ ਲੈ ਕੇ ਘਰ ਵੱਲ ਆ ਰਿਹਾ ਸੀ ਪਰ ਰਸਤੇ ਵਿੱਚ ਉਹ ਅਚਾਨਕ ਨਹਿਰ ਵੱਲ ਹੋ ਗਿਆ ਅਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਅਤੇ ਉਸ ਦੀ ਲਾਸ਼ ਹੀ ਘਰ ਪਹੁੰਚੀ।
ਪੁਲਿਸ ਨੇ ਪਰਿਵਾਰ ਨੂੰ ਬੱਚੇ ਦੀ ਲਾਸ਼ ਸੌਂਪ ਦਿੱਤੀ ਹੈ ਅਤੇ ਮਾਪਿਆਂ ਦੇ ਬਿਆਨਾਂ 'ਤੇ ਕਾਰਵਾਈ ਕਰ ਦਿੱਤੀ ਹੈ।
- PTC NEWS