ਬਠਿੰਡਾ 'ਚ Spring Roll ਖਾਣ ਪਿੱਛੋਂ ਬਿਮਾਰ ਹੋਏ ਬੱਚੇ! ਮਾਪਿਆਂ ਨੇ ਦੁਕਾਨ 'ਤੇ ਕੀਤਾ ਹੰਗਾਮਾ
Spring Roll : ਫਾਸਟ ਫੂਡ ਨਾਲ ਬਿਮਾਰੀਆਂ ਤੋਂ ਅਕਸਰ ਮਾਹਰ ਲੋਕਾਂ ਨੂੰ ਸੁਚੇਤ ਕਰਦੇ ਹਨ, ਪਰ ਫਿਰ ਵੀ ਲੋਕ ਫਾਸਟ ਫੂਡ ਖਾਣਾ ਨਹੀਂ ਛੱਡਦੇ। ਇਸ ਗੱਲ ਦਾ ਫਾਇਦਾ ਫਾਸਟ ਫੂਡ ਵਾਲੇ ਵੀ ਚੁੱਕਦੇ ਹਨ ਅਤੇ ਲੋਕਾਂ ਦੀ ਸਿਹਤ ਦਾ ਵੀ ਖਿਆਲ ਨਹੀਂ ਰੱਖਦੇ, ਭਾਵੇਂ ਉਹ ਬੱਚਿਆਂ ਦੇ ਖਾਣ ਲਈ ਹੀ ਕਿਉਂ ਨਾ ਹੋਣ। ਅਜਿਹਾ ਹੀ ਇੱਕ ਮਾਮਲਾ ਬਠਿੰਡਾ 'ਚ ਸਾਹਮਣੇ ਆਇਆ ਹੈ, ਜਿਥੇ ਸ਼ਹਿਰ ਦੀ ਭੱਟੀ ਰੋਡ 'ਤੇ ਸਥਿਤ ਇੱਕ ਮੋਮੋਜ਼ ਦੀ ਦੁਕਾਨ ਤੋਂ ਲਏ ਸਪਰਿੰਗ ਰੋਲ ਖਾਣ ਪਿੱਛੋਂ ਇੱਕ ਪਰਿਵਾਰ ਦੇ ਬੱਚੇ ਬਿਮਾਰ ਹੋਣ ਦਾ ਮਾਮਲਾ ਹੈ। ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਮੋਮੋਜ਼ ਦੀ ਦੁਕਾਨ 'ਤੇ ਪਹੁੰਚ ਕੀਤੀ ਅਤੇ ਸਿਹਤ ਵਿਭਾਗ ਨੂੰ ਬੁਲਾ ਕੇ ਸੈਂਪਲ ਭਰਵਾਏ ਗਏ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇਸ ਦੁਕਾਨ ਤੋਂ ਸਪਰਿੰਗ ਰੋਲ ਲੈ ਕੇ ਗਏ ਸੀ ਅਤੇ ਜਦੋਂ ਬੱਚੇ ਖਾ ਰਹੇ ਸੀ ਤਾਂ ਉਨ੍ਹਾਂ ਨੇ ਸਪਰਿੰਗ ਰੋਲ ਟੇਸਟੀ ਨਾ ਹੋਣ ਬਾਰੇ ਕਿਹਾ, ਪਰ ਜਦੋਂ ਉਨ੍ਹਾਂ ਨੇ ਖੁਦ ਚੈਕ ਕੀਤਾ ਤਾਂ ਇਨ੍ਹਾਂ ਵਿਚੋਂ ਬਦਬੂ ਮਾਰ ਰਹੀ ਸੀ ਅਤੇ ਇਹ ਬਾਸੀ ਵਿਖਾਈ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਦੁਕਾਨ ਦੇ ਨਾਲ ਦੇ ਫਾਸਟਫੂਡ ਵਾਲੇ ਨੇ ਵੀ ਇਨ੍ਹਾਂ ਨੂੰ ਖਰਾਬ ਦੱਸਿਆ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਨੇ ਉਨ੍ਹਾਂ ਨੂੰ ਇਹ ਫਰਾਈ ਕਰਕੇ ਦਿੱਤੇ, ਉਹ ਹੁਣ ਇਥੇ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਕਾਨ ਮਾਲਕਾਂ ਵੱਲੋਂ ਵੀ ਮੰਨਿਆ ਗਿਆ ਹੈ ਕਿ ਇਹ ਸਮੱਗਰੀ ਖ਼ਰਾਬ ਹੋ ਗਈ ਹੈ।
ਉਪਰੰਤ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਬੁਲਾਇਆ ਅਤੇ ਜਦੋਂ ਅੰਦਰ ਫਰਿੱਜ਼ ਵਿੱਚ ਸਮੱਗਰੀ ਪਈ ਵੇਖੀ ਤਾਂ ਸਭ ਕੁੱਝ ਖਰਾਬ ਪਿਆ ਸੀ, ਜਿਸ ਤੋਂ ਬਾਅਦ ਸਿਹਤ ਅਧਿਕਾਰੀਆਂ ਵੱਲੋਂ ਸੈਂਪਲ ਭਰ ਲਏ ਹਨ।
ਦੁਕਾਨਦਾਰ ਦਾ ਕੀ ਹੈ ਕਹਿਣਾ
ਉਧਰ, ਦੂਜੇ ਪਾਸੇ ਦੁਕਾਨਦਾਰ ਮੁੰਡੇ ਵੱਲੋਂ ਕਿਹਾ ਗਿਆ ਹੈ ਕਿ ਉਹ ਮੰਨ ਰਹੇ ਹਨ ਕਿ ਇਹ ਚੀਜ਼ਾਂ ਖਰਾਬ ਹਨ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ। ਕਿਉਂਕਿ ਜੇਕਰ ਉਨ੍ਹਾਂ ਨੂੰ ਇਹ ਪਹਿਲਾਂ ਪਤਾ ਹੁੰਦਾ ਤਾਂ ਉਹ ਇਨ੍ਹਾਂ ਨੂੰ ਸੁੱਟ ਦਿੰਦੇ।
ਸਿਹਤ ਅਧਿਕਾਰੀ ਨੇ ਕੀ ਕਿਹਾ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਪਿੱਛੋਂ ਉਨ੍ਹਾਂ ਨੇ ਮੋਮੋਜ਼ ਅਤੇ ਸਪਰਿੰਗ ਰੋਲ ਦੇ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਕੋਈ ਲਾਈਸੈਂਸ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ, ਸਿਹਤ ਵਿਭਾਗ ਵੱਲੋਂ ਕੀਤੀ ਜਾਵੇਗੀ।
- PTC NEWS