Jalandhar Bus Accident : ਰੋਡਵੇਜ਼ ਬੱਸ ਦੀ ਲਪੇਟ ’ਚ ਆਇਆ ਬੱਚਾ ; ਹੋਇਆ ਗੰਭੀਰ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ
Jalandhar Bus Accident : ਜਲੰਧਰ ਦੇ ਸ਼ਾਹਕੋਟ-ਮਲਸੀਆਂ ਰੋਡ 'ਤੇ ਦਾਣਾ ਮੰਡੀ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਦੀ ਅਚਾਨਕ ਟੱਕਰ ਲੱਗਣ ਨਾਲ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਮੁਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਦੇ ਵਸਨੀਕ ਪਿੰਡ ਖਾਨਪੁਰ ਰਾਜਪੂਤਾ (ਸ਼ਾਹਕੋਟ) ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਰਣਜੀਤ ਸਿੰਘ ਆਪਣੇ 8 ਸਾਲਾ ਪੁੱਤਰ ਮਨਿੰਦਰ ਸਿੰਘ ਅਤੇ ਪਤਨੀ ਨਾਲ ਲੰਘ ਰਹੇ ਸੀ।
ਇਸ ਸਮੇਂ ਦੌਰਾਨ ਬੱਚੇ ਨੇ ਪਿਤਾ ਨੂੰ ਦਾਣਾ ਮੰਡੀ ਨੇੜੇ ਲਗਾਏ ਗਏ ਲੰਗਰ ਲਈ ਰੋਕਿਆ। ਜਿਸ ਤੋਂ ਬਾਅਦ ਪਿਤਾ ਬੱਚੇ ਲਈ ਲੰਗਰ ਤੋਂ ਪਕੌੜੇ ਲੈਣ ਚਲਾ ਗਿਆ। ਇਸ ਦੌਰਾਨ, ਆਪਣੀ ਮਾਂ ਦੇ ਕੋਲ ਖੜ੍ਹੇ ਬੱਚੇ ਨੇ ਆਪਣਾ ਹੱਥ ਛੁਡਾਇਆ, ਸੜਕ ਪਾਰ ਕੀਤੀ ਅਤੇ ਆਪਣੇ ਪਿਤਾ ਵੱਲ ਭੱਜਿਆ। ਜਿਸ ਤੋਂ ਬਾਅਦ ਬੱਚਾ ਮੋਗਾ ਤੋਂ ਜਲੰਧਰ ਜਾ ਰਹੀ ਬੱਸ ਨੰਬਰ ਪੀਬੀ 04 ਏਏ 7368 ਦੀ ਟੱਕਰ ਨਾਲ ਜ਼ਖਮੀ ਹੋ ਗਿਆ।
ਬੱਸ ਨੂੰ ਦਰਸ਼ਨ ਸਿੰਘ ਪਿੰਡ ਜਵਾਹਰ ਸਿੰਘ ਵਾਲਾ (ਫਿਰੋਜ਼ਪੁਰ) ਚਲਾ ਰਿਹਾ ਸੀ। ਬੱਸ ਡਰਾਈਵਰ ਨੇ ਤੁਰੰਤ ਬੱਸ ਰੋਕੀ ਅਤੇ ਨੇੜੇ ਖੜ੍ਹੇ ਲੋਕਾਂ ਤੋਂ ਮਦਦ ਮੰਗੀ, ਪਰ ਕਿਸੇ ਨੇ ਵੀ ਉਸਦੀ ਮਦਦ ਨਹੀਂ ਕੀਤੀ। ਜਿਸ ਤੋਂ ਬਾਅਦ ਬੱਚੇ ਦਾ ਪਿਤਾ ਆਪਣੇ ਜ਼ਖਮੀ ਪੁੱਤਰ ਨੂੰ ਮੋਟਰਸਾਈਕਲ 'ਤੇ ਸਿਵਲ ਹਸਪਤਾਲ ਸ਼ਾਹਕੋਟ ਲੈ ਗਿਆ, ਜਿੱਥੇ ਐਮਰਜੈਂਸੀ ਡਿਊਟੀ 'ਤੇ ਮੌਜੂਦ ਮੈਡੀਕਲ ਅਫਸਰ ਡਾ. ਮਨਦੀਪ ਸਿੰਘ ਨੇ ਜ਼ਖਮੀ ਬੱਚੇ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਉਸਨੂੰ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ।
ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਬੱਚੇ ਦੇ ਪੱਟ 'ਤੇ ਗੰਭੀਰ ਸੱਟ ਲੱਗੀਆਂ ਹਨ। ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਐਸਐਚਓ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਏਐਸਆਈ ਮਨਦੀਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਬੱਚੇ ਦੇ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : jagjit Singh Dallewal Health Update : ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਮੁੜ ਵਿਗੜੀ ਸਿਹਤ; ਵਧਿਆ ਯੂਰਿਕ ਐਸਿਡ, ਜਾਣੋ ਹੁਣ ਕਿਵੇਂ ਦੀ ਹੈ ਡੱਲੇਵਾਲ ਦੀ ਤਬੀਅਤ
- PTC NEWS