ਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ) ਦਿਵਸ 'ਤੇ ਵਿਸ਼ੇਸ਼
ਘੱਲੂਘਰਾ ਸ਼ਬਦ ਤੋਂ ਭਾਵ 'ਸਰਬਨਾਸ਼, ਤਬਾਹੀ, ਬਰਬਾਦੀ'। ਅਰਬੀ ਭਾਸ਼ਾ ਦਾ ਸ਼ਬਦ ਗਾਰਥ ਅਤੇ ਹਿੰਦੀ ਭਾਸ਼ਾ ਦੇ ਸ਼ਬਦ ਦੇ ਵਿੱਚ ਮਾਰਪੀਟ ਕਰਨਾ। ਇਹ ਇਤਿਹਾਸਿਕ ਸਰੋਤਾਂ ਵਿਚ ਸਾਨੂੰ ਮਿਲਦਾ ਹੈ। ਸਿੱਖ ਇਤਿਹਾਸ ਕੁਰਬਾਨੀਆਂ, ਸ਼ਹੀਦੀਆਂ, ਸਾਕਿਆਂ, ਘੱਲੂਘਾਰਿਆਂ ਨਾਲ ਸਰਸ਼ਾਰ ਹੈ। ਵਿਸ਼ਵ ਦੇ ਇਤਿਹਾਸ ਨੂੰ ਵਾਚਣ ਤੇ ਇਹ ਤੱਤ ਸਾਹਮਣੇ ਆਉਂਦੇ ਹਨ ਕਿ ਜਿੰਨੀਆਂ ਕੁਰਬਾਨੀਆਂ, ਸ਼ਹਾਦਤਾਂ ਸਿੱਖ ਇਤਿਹਾਸ ਸਿੱਖ ਕੌਮ ਦੇ ਹਿੱਸੇ ਆਈਆਂ, ਉਹ ਹੋਰ ਕਿਸੇ ਦੇ ਹਿੱਸੇ ਨਹੀਂ। ਸ਼ਹਾਦਤ ਦਾ ਸਿਧਾਂਤ ਸਿੱਖ ਪੰਥ ਵਿੱਚ ਨਿਆਰੇ ਪੰਥ ਦਾ ਸੰਕਲਪ ਅਤੇ ਭਾਵਨਾ ਦ੍ਰਿੜ ਕਰਵਾਉਂਦਾ ਹੈ। ਸਿੱਖ ਤਵਾਰੀਖ਼ ਅੰਦਰ ਵਾਪਰੇ ਸ਼ਹੀਦੀ ਸਾਕੇ, ਘੱਲੂਘਾਰੇ ਹਾਕਮ ਧਿਰ ਦੀ ਨੀਚਤਾ ਦਾ ਅਕਸ਼ ਇੰਝ ਨੰਗਾ ਕਰਦੇ ਹਨ ਕਿ ਇਤਿਹਾਸ ਵਾਚਣ ਤੇ ਰੂਹ ਕੰਬ ਉੱਠਦੀ ਹੈ। ਸਿੱਖ ਇਤਿਹਾਸ ਵਿੱਚ ਵਾਪਰੀਆਂ ਅਤਿਅੰਤ ਭਿਅੰਕਰ ਅਤੇ ਕਤਲੋਗਾਰਤ ਨਾਲ ਲਬਰੇਜ਼ ਘਟਨਾ ਲਈ 'ਘੱਲੂਘਾਰਾ' ਸ਼ਬਦ ਵਰਤਿਆ ਗਿਆ ਹੈ।
ਜੇਕਰ ਗੱਲ ਕਰੀਏ ਛੋਟੇ ਘੱਲੂਘਾਰੇ ਦੀ ਤਾਂ ਸਿੱਖ ਇਤਿਹਾਸ ਦੇ ਮੁਤਾਬਕ ਗੁਰਦੁਆਰਾ ਰੋੜੀ ਸਾਹਿਬ ਵਿਖੇ ਕਾਫ਼ੀ ਤਾਦਾਦ ਦੇ ਵਿੱਚ ਸਿੱਖਾਂ ਨੇ ਐਮਨਾਬਾਦ ਦੇ ਦਰਸ਼ਨਾਂ ਲਈ ਡੇਰੇ ਲਾਏ ਹੋਏ ਸਨ ਅਤੇ ਉਹ ਬਾਹਰ-ਬਾਹਰ ਆਪਣੇ ਘੋੜਿਆਂ ਨੂੰ ਘਾਹ ਆਦਿ ਖਵਾ ਰਹੇ ਸਨ। ਸਿੰਘ ਕਈ ਦਿਨਾਂ ਦੇ ਭੁੱਖੇ ਭਾਣੇ ਸਨ। ਜਸਪਤ ਰਾਏ ਵੀ ਆਪਣੀ ਫੌਜ ਲਈ ਕੇ ਐਮਨਾਬਾਦ ਆ ਗਿਆ। ਇਸ ਨੇ ਆਉਂਦੇ ਸਾਰ ਸਿੰਘਾਂ ਨੂੰ ਐਮਨਾਬਾਦ ਵਿੱਚੋਂ ਚਲੇ ਜਾਣ ਦਾ ਹੁਕਮ ਕੀਤਾ। ਸਿੰਘਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਦੇ ਭੁੱਖੇ ਭਾਣੇ ਹਨ ਅਤੇ ਰਾਤ ਗੁਜ਼ਾਰ ਕੇ ਉਹ ਸਵੇਰੇ ਇਥੋਂ ਚਲੇ ਜਾਣਗੇ। ਇਸ 'ਤੇ ਜਸਪਤ ਰਾਏ ਆਪਣੀ ਸਾਰੀ ਫੌਜ ਲੈ ਕੇ ਸਿੰਘਾਂ ਤੇ ਟੁੱਟ ਪਿਆ ਅਤੇ ਸਿੰਘਾਂ ਨੇ ਉਸਦੇ ਹਮਲੇ ਨੂੰ ਰੋਕਿਆ। ਇੱਕ ਸਿੱਖ ਭਾਈ ਨਿਬਾਹੂ ਸਿੰਘ ਨੇ ਤੁਰੰਤ ਜਸਪਤ ਰਾਏ ਦੇ ਹਾਥੀ ਤੇ ਚੜ੍ਹ ਕੇ ਉਸਦਾ ਸਿਰ ਵੱਢ ਦਿੱਤਾ। ਇਹ ਵੇਖ ਕੇ ਫੌਜਾਂ ਵਿੱਚ ਤਰਥੱਲੀ ਮੱਚ ਗਈ।
ਦੀਵਾਨ ਲਖਪਤ ਰਾਏ ਨੂੰ ਜਦੋਂ ਆਪਣੇ ਛੋਟੇ ਭਰਾ ਦੀ ਮੌਤ ਦੀ ਖ਼ਬਰ ਬਾਰੇ ਪਤਾ ਲੱਗਾ ਤਾਂ ਉਹ ਗੁੱਸੇ ਵਿੱਚ ਪਾਗ਼ਲ ਹੋ ਗਿਆ। ਉਸਨੇ ਲਾਹੌਰ ਦੇ ਨਵਾਬ ਦੇ ਪੈਰਾਂ ਵਿੱਚ ਆਪਣੀ ਪਗੜੀ ਸੁੱਟੀ ਅਤੇ ਕਿਹਾ ਜਦੋਂ ਤੱਕ ਮੈਂ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾਉਂਦਾ ਉਦੋਂ ਤੱਕ ਮੈ ਆਪਣੇ ਸਿਰ 'ਤੇ ਪੱਗ ਨਹੀਂ ਬੰਨਾਂਗਾ। ਨਗਾਰਾ ਵਜਾ ਕੇ ਲੋਕਾਂ ਨੂੰ ਦੱਸਿਆ ਗਿਆ ਕਿ ਕੋਈ ਗੁਰੂ ਸ਼ਬਦ ਉਚਾਰਨ ਨਾ ਕਰੇ। ਜੋ ਅਜਿਹਾ ਕਰਦਾ ਹੈ, ਉਸਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਬਹੁਤ ਸਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਇਕੱਠੀਆਂ ਕੀਤੀਆਂ ਅਤੇ ਬੇਹੁਰਮਤੀ ਕੀਤੀ ਗਈ ਅਤੇ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਵੀ ਪੂਰ ਦਿੱਤਾ ਗਿਆ। ਲਾਹੌਰ ਦੇ ਮੁਗਲ ਯਹੀਆ ਖਾਨ ਨਾਲ ਮਿਲ ਕੇ ਲਖਪਤ ਰਾਏ ਨੇ ਲਾਹੌਰ ਦੀਆਂ ਫੌਜਾਂ ਨੂੰ ਇਕੱਠਾ ਕੀਤਾ ਅਤੇ ਇਸ ਸਬੰਧ ਵਿੱਚ ਮੁਲਤਾਨ, ਜਲੰਧਰ ਤੇ ਬਹਾਵਲਪੁਰ ਅਤੇ ਪਹਾੜੀ ਰਾਜਿਆਂ ਸਮੇਤ ਸਿੱਖਾਂ ਦੇ ਖਿਲਾਫ਼ ਜਹਾਦ ਦਾ ਬਿਗਲ ਵਜਾ ਦਿੱਤਾ।
ਸਭ ਤੋਂ ਪਹਿਲਾਂ ਲਖਪਤ ਰਾਏ ਨੇ ਲਾਹੌਰ ਦੇ ਨਿਵਾਸੀ ਸਿੱਖਾਂ ਨੂੰ ਫੜ ਲਿਆ ਅਤੇ ਉਨ੍ਹਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਇਹ ਕਤਲੇਆਮ 10 ਮਾਰਚ, ਸੰਨ 1746 ਨੂੰ ਸ਼ੁਰੂ ਹੋਇਆ। ਇਸ ਤੋਂ ਬਾਅਦ ਲਖਪਤ ਰਾਏ ਭਾਰੀ ਫੌਜ ਤੋਪਖਾਨਾ ਆਦਿ ਲੈ ਕੇ ਸਿੱਖਾਂ ਦਾ ਸ਼ਿਕਾਰ ਕਰਨ ਲਈ ਤੁਰ ਪਿਆ। ਕਾਹਨੂੰਵਾਨ ਦੇ ਛੰਭਾਂ ਅਤੇ ਜੰਗਲਾਂ ਵਿੱਚ ਪੁੱਜ ਕੇ ਉਸਨੇ ਸਾਰੇ ਕਾਹਨੂੰਵਾਨ ਦੇ ਜੰਗਲਾਂ ਨੂੰ ਘੇਰ ਕੇ ਸਿੱਖਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਇਸ ਘੱਲੂਘਾਰੇ ਦੇ ਵਿੱਚ 10 ਹਜ਼ਾਰ ਸਿੰਘ, ਬੀਬੀਆਂ ਅਤੇ ਬੱਚੇ ਸ਼ਹੀਦ ਹੋਏ। ਇਨ੍ਹਾਂ ਵਿੱਚੋਂ 3000 ਸਿੱਖਾਂ ਨੂੰ ਕੈਦੀ ਬਣਾ ਕੇ ਲਾਹੌਰ ਦੇ ਨਖ਼ਾਸ ਚੌਕ, ਘੋੜਾ ਮੰਡੀ, ਦਿੱਲੀ ਗੇਟ ਵਿੱਚ ਸ਼ਹੀਦ ਕੀਤਾ ਗਿਆ। ਇੱਥੇ ਹੁਣ ਸ਼ਹੀਦ ਗੰਜ ਸਾਹਿਬ ਉਸਾਰਿਆ ਗਿਆ ਹੈ। ਇਸ ਭਿਅੰਕਰ ਤਬਾਹੀ ਨੂੰ ਸਿੱਖ ਇਤਿਹਾਸ ਵਿੱਚ 'ਛੋਟੇ ਘੱਲੂਘਾਰੇ' ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
- PTC NEWS