Batala News : ਕਰਨਲ ਕੁੱਟਮਾਰ ਮਗਰੋਂ ਪੰਜਾਬ ਪੁਲਿਸ ਦੀ ਮੁੜ ਦਿਖੀ ਗੁੰਡਾਗਰਦੀ ; ਨਸ਼ੇ ’ਚ ਧੁੱਤ ਲੜਕੀ ਤੇ ਇੱਕ ਲੜਕੇ ਦੇ ਮਾਰੇ ਥੱਪੜ
Batala News : ਬਟਾਲਾ ਦੇ ਬੱਸ ਸਟੈਂਡ ਤੇ ਬੀਤੀ ਦੇਰ ਰਾਤ ਨੂੰ ਕਥਿਤ ਨਸ਼ੇ ’ਚ ਧੁੱਤ ’ਚ ਲੜਕੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ’ਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਜਿਸਦੀ ਵੀਡੀਓ ਵਾਇਰਲ ਹੋਣ ਮਗਰੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਕੀ ਹੈ ਮਾਮਲਾ
ਬਟਾਲਾ ਦੇ ਬੱਸ ਸਟੈਂਡ ਤੇ ਕਥਿਤ ਨਸ਼ੇ ਵਿੱਚ ਧੁੱਤ 22 ਸਾਲਾਂ ਲੜਕੀ ਘੁੰਮਦੀ ਨਜ਼ਰ ਆਈ ਜਿਸਦੇ ਨਾਲ ਇੱਕ ਨੌਜਵਾਨ ਸੀ ਜੋ ਉਸ ਨੂੰ ਆਪਣੀ ਸਾਲੀ ਦੱਸ ਰਿਹਾ ਸੀ। ਜਦੋ ਪੁਲਿਸ ਨੂੰ ਪਤਾ ਲੱਗਾ ਤਾਂ ਕੁਝ ਪੁਲਿਸ ਕਰਮਚਾਰੀ ਉੱਥੇ ਪਹੁੰਚੇ ਅਤੇ ਬਿਨਾਂ ਕਿਸੇ ਮਹਿਲਾ ਪੁਲਿਸ ਕਰਮਚਾਰੀ ਦੇ ਨਸ਼ੇ ਵਿੱਚ ਧੁੱਤ ਲੜਕੀ ਅਤੇ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸਦਾ ਖਾਮਿਆਜ਼ਾ ਵੀ ਜ਼ਿੰਮੇਵਾਰ ਪੁਲਿਸ ਵਾਲਿਆਂ ਨੂੰ ਭੁਗਤਣਾ ਪਿਆ।
ਦੋ ਪੁਲਿਸ ਮੁਲਾਜ਼ਮ ਨੂੰ ਕੀਤਾ ਸਸਪੈਂਡ
ਮਾਮਲੇ ਸਬੰਧੀ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੇ ਕਰਦੇ ਕਿਹਾ ਕਿ ਫਿਲਹਾਲ ਦੋਵੇਂ ਪੁਲਿਸ ਮੁਲਾਜ਼ਮ ਜਿੰਨਾ ’ਚ ਚੌਂਕੀ ਇੰਚਾਰਜ ’ਤੇ ਥਾਣੇ ਸਿਟੀ ਦਾ ਮੁਨਸ਼ੀ ਦੋਵੇਂ ਸਸਪੈਂਡ ਕਰ ਦਿੱਤੇ ਹਨ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਕਿਉਕਿ ਇਨ੍ਹਾਂ ਮੁਲਾਜਮਾਂ ਵਲੋਂ ਕਾਨੂੰਨ ਨੂੰ ਹੱਥਾਂ ਵਿਚ ਲੈ ਕੇ ਗਲਤ ਕੰਮ ਕੀਤਾ।
ਕਾਬਿਲੇਗੌਰ ਹੈ ਕਿ ਸੂਬੇ ਭਰ ’ਚ ਨਸ਼ੇ ਦੇ ਮੱਕੜਜਾਲ ’ਚ ਲੜਕੀਆਂ ਦੀ ਵੱਧ ਰਹੀ ਤਦਾਦ ਵੀ ਚਿੰਤਾਜਨਕ ਹਲਾਤਾਂ ਵੱਲੋਂ ਵੱਧਦੀ ਦਿਖਾਈ ਦੇ ਰਹੀ ਹੈ। ਵਾਇਰਲ ਵੀਡੀਓ ’ਚ ਵੀ ਕੁੜੀ ਨਸ਼ੇ ’ਚ ਧੁੱਤ ਹੈ ਅਤੇ ਖੁਦ ਦੱਸ ਰਹੀ ਹੈ ਕਿ ਉਸ ਨੇ ਚਿੱਟੇ ਦਾ ਨਸ਼ਾ ਕੀਤਾ ਹੈ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ਖਿਲਾਫ ਮੁਹਿੰਮ ਦੇ ਤਹਿਤ ਨਸ਼ੇ ਖਿਲਾਫ ਵੱਡੀ ਕਾਰਵਾਈ ਕਰਨ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਅਜਿਹੇ ਮਾਮਲੇ ਉਨ੍ਹਾਂ ਦਾਅਵਿਆਂ ਨੂੰ ਖੋਖਲਾ ਦੱਸ ਰਹੀ ਹੈ ਜੋ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।
- PTC NEWS