ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼; ਜਲੰਧਰ ਸਣੇ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਹੀ ਤੇਜ਼ ਮੀਂਹ
Punjab Rain: ਪੰਜਾਬ 'ਚ ਸ਼ੁੱਕਰਵਾਰ ਸਵੇਰੇ ਮੌਸਮ ਬਦਲ ਗਿਆ। ਜਲੰਧਰ 'ਚ ਸਵੇਰੇ 7 ਵਜੇ ਦੇ ਕਰੀਬ ਗਰਜ ਦੇ ਨਾਲ-ਨਾਲ ਤੇਜ਼ ਮੀਂਹ ਸ਼ੁਰੂ ਹੋ ਗਿਆ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਸੂਬੇ ਭਰ ਵਿੱਚ ਫੈਲੇ ਪਰਾਲੀ ਦੇ ਧੂੰਏਂ ਅਤੇ ਹਵਾ ਦੇ ਪ੍ਰਦੂਸ਼ਣ ਕਾਰਨ ਵਾਇਰਲ ਇਨਫੈਕਸ਼ਨ ਤੋਂ ਪੀੜਤ ਮਰੀਜ਼ਾਂ ਲਈ ਇਹ ਮੀਂਹ ਰਾਮਬਾਣ ਸਾਬਤ ਹੋਵੇਗਾ।
ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੂਰਬੀ ਮਾਲਵਾ ਅਤੇ ਮਾਝੇ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਦਿਨ ਭਰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬੱਦਲਵਾਈ ਕਾਰਨ ਸਵੇਰੇ ਘੱਟੋ-ਘੱਟ ਤਾਪਮਾਨ ਵੀ ਡਿੱਗ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਘੰਟਿਆਂ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ।
ਇਸ ਦੇ ਨਾਲ ਹੀ ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਜਲੰਧਰ, ਫਗਵਾੜਾ ਅਤੇ ਫਿਲੌਰ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਅੱਜ ਲੁਧਿਆਣਾ, ਖੰਨਾ, ਖਰੜ, ਮੁਕਤਸਰ, ਫਾਜ਼ਿਲਕਾ, ਪਟਿਆਲਾ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਗੱਲ ਕਰੀਏ ਤਾਂ ਦੀਵਾਲੀ ਤੋਂ ਠੀਕ ਪਹਿਲਾਂ ਦਿੱਲੀ-ਐਨਸੀਆਰ (Delhi NCR Weather News) ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਦਿੱਲੀ, ਨੋਇਡਾ ਤੋਂ ਲੈ ਕੇ ਗਾਜ਼ੀਆਬਾਦ ਅਤੇ ਫਰੀਦਾਬਾਦ ਤੱਕ ਮੌਸਮ ‘ਚ ਅਚਾਨਕ ਬਦਲਾਅ ਆਇਆ ਹੈ ਅਤੇ ਕਈ ਇਲਾਕਿਆਂ ‘ਚ ਬਾਰਸ਼ ਹੋ ਰਹੀ ਹੈ।
- PTC NEWS