Sun, Jan 5, 2025
Whatsapp

Chandigarh University ਨੇ ਸਿਰਜਿਆ ਇਤਿਹਾਸ, 'ਮਾਕਾ ਟ੍ਰਾਫ਼ੀ' ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣੀ

CU Win Maulana Abul Kalam Azad Trophy : ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਦੀ ਖੇਡਾਂ ਦੀ ਸਰਵਉੱਚ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟ੍ਰਾਫ਼ੀ’ (ਮਾਕਾ ਟ੍ਰਾਫ਼ੀ) 2024 ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਚੰਡੀਗੜ੍ਹ 'ਵਰਸਿਟੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਇਹ ਟ੍ਰਾਫੀ ਪਹਿਲੀ ਵਾਰ ਆਪਣੇ ਨਾਮ ਕੀਤੀ ਹੈ।

Reported by:  PTC News Desk  Edited by:  KRISHAN KUMAR SHARMA -- January 03rd 2025 07:11 PM -- Updated: January 03rd 2025 07:23 PM
Chandigarh University ਨੇ ਸਿਰਜਿਆ ਇਤਿਹਾਸ, 'ਮਾਕਾ ਟ੍ਰਾਫ਼ੀ' ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣੀ

Chandigarh University ਨੇ ਸਿਰਜਿਆ ਇਤਿਹਾਸ, 'ਮਾਕਾ ਟ੍ਰਾਫ਼ੀ' ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣੀ

MAKA Trophy : ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਦੀ ਖੇਡਾਂ ਦੀ ਸਰਵਉੱਚ ‘ਮੌਲਾਨਾ ਅਬੁਲ ਕਲਾਮ ਆਜ਼ਾਦ ਟ੍ਰਾਫ਼ੀ’ (ਮਾਕਾ ਟ੍ਰਾਫ਼ੀ) 2024 ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਇਸਦੇ ਨਾਲ ਹੀ ਚੰਡੀਗੜ੍ਹ 'ਵਰਸਿਟੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਇਹ ਟ੍ਰਾਫੀ ਪਹਿਲੀ ਵਾਰ ਆਪਣੇ ਨਾਮ ਕੀਤੀ ਹੈ। ਚੰਡੀਗੜ੍ਹ 'ਵਰਸਿਟੀ ਨੇ 12 ਸਾਲਾਂ ਦੇ ਥੋੜੇ ਸਮੇਂ ਵਿਚ ਵੀ ਇਹ ਪ੍ਰਾਪਤੀ ਹਾਸਲ ਕੀਤੀ ਹੈ, ਜੋ ਕਿ ਚੰਡੀਗੜ੍ਹ 'ਵਰਸਿਟੀ ਦੇ ਪ੍ਰਬੰਧਕਾਂ, ਫ਼ੈਕਲਟੀ, ਵਿਦਿਆਰਥੀਆਂ ਤੇ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ।

17 ਜਨਵਰੀ ਨੂੰ ਰਾਸ਼ਟਰੀ ਦ੍ਰੋਪਦੀ ਮੁਰਮੂ ਕਰਨਗੇ ਟਰਾਫ਼ੀ ਨਾਲ ਸਨਮਾਨਤ


ਚੰਡੀਗੜ੍ਹ ਯੂਨੀਵਰਸਿਟੀ ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਖੇ ਇਨਾਮ ਵੰਡ ਸਮਾਗਮ ਦੌਰਾਨ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 17 ਜਨਵਰੀ 2025 ਨੂੰ ਇਹ ਟ੍ਰਾਫੀ ਨਾਲ ਸਨਮਾਨਿਆ ਜਾਵੇਗਾ। ਯੂਨੀਵਰਸਿਟੀ ਨੂੰ ਮਾਕਾ ਟ੍ਰਾਫ਼ੀ ਨਾਲ 20 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ। ਇਹ ਇਨਾਮ ਹਰ ਸਾਲ ਖੇਡਾਂ `ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਬੀਏ ਦੇ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸੰਜੇ ਨੂੰ ਇਸ ਸਮਾਗਮ ਮੌਕੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਜੇ 2024 `ਚ ਪੈਰਿਸ ਓਲੰਪਿਕ `ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਵੀ ਹਿੱਸਾ ਸੀ। ਇਸ ਮਹੀਨੇ ਦੇ ਅੰਤ `ਚ ਨੈਸ਼ਨਲ ਸਪੋਰਟਸ ਅਵਾਰਡ ਸਮਾਗਮ ਦੌਰਾਨ ਸੰਜੇ ਸਣੇ ਹੋਰ ਚੋਟੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ।

ਚੰਡੀਗੜ੍ਹ ਯੂਨੀਵਰਸਿਟੀ ਦੀ ਇਸ ਜਿੱਤ ਨੇ ਪੰਜਾਬ ਰਾਜ ਲਈ ਵੱਕਾਰੀ ਮਾਕਾ ਟਰਾਫੀ ਬਰਕਰਾਰ ਰੱਖੀ। ਜਿੱਥੇ ਚੰਡੀਗੜ੍ਹ ਯੂਨੀਵਰਸਿਟੀ ਇਸ ਵੱਕਾਰੀ ਟਰਾਫੀ ਦੀ ਜੇਤੂ ਹੈ, ਉਥੇ ਹੀ ਐਲਪੀਯੂ ਨੂੰ ਫਸਟ ਰਨਰ ਅੱਪ ਐਲਾਨਿਆ ਗਿਆ ਹੈ ਅਤੇ ਜੀਐਨਡੀਯੂ ਦੂਜੀ ਰਨਰ ਅੱਪ ਰਹੀ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸਾਲ 2023-24 `ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ `ਚ 134 ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਏਸ਼ੀਅਨ ਖੇਡਾਂ `ਚ ਭਾਰਤ ਵੱਲੋਂ 8 ਸੋਨੇ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ 107 ਤਗਮਿਆਂ ਦੀ ਗਿਣਤੀ `ਚ ਸ਼ਲਾਘਾਯੋਗ ਯੋਗਦਾਨ ਪਾਇਆ ਸੀ। ਏਸਿ਼ਆਈ ਖੇਡਾਂ `ਚ ਭਾਗ ਲੈਣ ਵਾਲੇ 653 ਖਿਡਾਰੀਆਂ ਦੇ ਭਾਰਤੀ ਦਲ `ਚ ਚੰਡੀਗੜ੍ਹ ਯੂਨੀਵਰਸਿਟੀ ਦੇ ਸਭ ਤੋਂ ਵੱਧ 22 ਖਿਡਾਰੀਆਂ ਨੇ ਨੁਮਾਇੰਦਗੀ ਕੀਤੀ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਹੋਏ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024 `ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਯੂ ਨੇ 32 ਸੋਨੇ, 18 ਚਾਂਦੀ ਅਤੇ 21 ਕਾਂਸੀ ਦੇ ਤਗਮਿਆਂ ਨਾਲ 71 ਤਗਮੇ ਜਿੱਤੇ ਸਨ।

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਲ 2024 `ਚ ਖਿਡਾਰੀਆਂ ਨੂੰ ਵਜ਼ੀਫੇ ਲਈ 8.5 ਕਰੋੜ ਰੁਪਏ ਦਾ ਸਾਲਾਨਾ ਬਜਟ ਅਲਾਟ ਕੀਤਾ ਗਿਆ ਸੀ, ਜਿਸ `ਚ 3.84 ਕਰੋੜ ਰੁਪਏ ਦੀ ਮੇਜਰ ਧਿਆਨ ਚੰਦ ਸਕਾਲਰਸਿ਼ਪ ਸਣੇ ਸਾਲਾਨਾ ਵਜ਼ੀਫੇ ਦੇ ਰੂਪ `ਚ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਸ਼ਾਮਲ ਹੈ। ਇਸ ਸਮੇਂ ਚੰਡੀਗੜ੍ਹ ਯੂਨੀਵਰਸਿਟੀ `ਚ 562 ਲੜਕੀਆਂ ਸਣੇ 1183 ਵਿਦਿਆਰਥੀ ਵਜ਼ੀਫੇ ਦਾ ਲਾਭ ਲੈ ਰਹੇ ਹਨ। ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀ (ਖਿਡਾਰੀਆਂ) ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਨਾਲ ਉਨ੍ਹਾਂ ਦੀ ਵਿਸ਼ੇਸ਼ ਖੁਰਾਕ, ਖੇਡ ਕਿੱਟਾਂ, ਖੇਡ ਮੁਕਾਬਲੇ ਵਾਲੀਆਂ ਥਾਵਾਂ `ਤੇ ਜਾਣ ਦੇ ਖਰਚੇ, ਕੋਚਿੰਗ ਦੇ ਖਰਚੇ, ਹੋਸਟਲ ਦੀ ਰਿਹਾਇਸ਼ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। 

ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ, "ਇਹ ਪ੍ਰਾਪਤੀ ਵੱਖ-ਵੱਖ ਖੇਡਾਂ `ਚ ਉੱਤਮਤਾ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ। ਇਹ ਟ੍ਰਾਫ਼ੀ ਖੇਡਾਂ `ਚ ਸਾਡੇ ਸਮਰਪਣ ਅਤੇ ਮਜ਼ਬੂਤ ਵਿਸ਼ਵਾਸ ਨੂੰ ਪ੍ਰਦਰਸਿ਼ਤ ਕਰਦੀ ਹੈ। ਸਾਨੂੰ ਬਹੁਤ ਮਾਣ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਬਹੁਤ ਹੀ ਘੱਟ ਸਮੇਂ ਵਿਚ ਮਾਕਾ ਟ੍ਰਾਫ਼ੀ ਜਿੱਤਣ ਵਾਲੀ ਯੂਨੀਵਰਸਿਟੀ ਬਣ ਗਈ ਹੈ। ਇਹ ਪ੍ਰਾਪਤੀ ਸਾਡੀਆਂ ਅਤਿ-ਆਧੁਨਿਕ ਸਹੂਲਤਾਂ, ਤਜ਼ਰਬੇਕਾਰ ਅਤੇ ਸਮਰਪਿਤ ਫੈਕਲਟੀ ਅਤੇ ਖੇਡਾਰੀਆਂ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ, ਜਿਨ੍ਹਾਂ ਦੇ ਦ੍ਰਿੜ ਇਰਾਦੇ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।"

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਈ ਸਾਲ 2024 ਬਹੁਤ ਮਹੱਤਵਪੂਰਨ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੇਲੋ ਇੰਡੀਆ `ਚ ਓਵਰਆਲ ਜੇਤੂ ਟਰਾਫੀ ਹੀ ਨਹੀਂ ਜਿੱਤੀ ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ 8 ਵਿਦਿਆਰਥੀਆਂ ਨੇ ਪੈਰਿਸ ਓਲੰਪਿਕ 2024 `ਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਸੀ। 2023 ਦੀਆਂ ਏਸ਼ੀਅਨ ਖੇਡਾਂ `ਚ ਵੱਖ-ਵੱਖ ਖੇਡ ਸ਼੍ਰੇਣੀਆਂ `ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਸੀਯੂ ਦੇ ਵਿਦਿਆਰਥੀਆਂ ਨੇ ਹਾਕੀ, ਬਾਕਸਿੰਗ, ਟੇਬਲ ਟੈਨਿਸ, ਕੁਸ਼ਤੀ, ਤੀਰਅੰਦਾਜ਼ੀ ਅਤੇ ਰਗਬੀ `ਚ ਤਗਮੇ ਜਿੱਤੇ ਹਨ ਅਤੇ ਭਾਰਤ ਦੀ ਸਮੁੱਚੀ ਤਗਮਾ ਸੂਚੀ `ਚ ਵਡਮੁੱਲਾ ਯੋਗਦਾਨ ਪਾਇਆ ਹੈ। ਸੀਯੂ ਦੇ ਵਿਦਿਆਰਥੀ, ਪਵਨ ਕੁਮਾਰ ਸਹਿਰਾਵਤ, ਜੋ ਕਿ ਭਾਰਤੀ ਕਬੱਡੀ ਟੀਮ ਦੇ ਕਪਤਾਨ ਹਨ, ਦੀ ਅਗਵਾਈ `ਚ ਭਾਰਤ ਨੇ 8 ਸਾਲਾਂ ਦੇ ਲੰਬੇ ਵਕਫੇ ਬਾਅਦ ਏਸ਼ੀਅਨ ਖੇਡਾਂ `ਚ ਸੋਨ ਤਗਮਾ ਜਿੱਤ ਕੇ ਇੱਕ ਨਵਾਂ ਇਤਿਹਾਸ ਰਚਿਆ।

- PTC NEWS

Top News view more...

Latest News view more...

PTC NETWORK